ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਅਧੀਨ ਆਉਂਦੇ ਰੂਪਨਗਰ (ਰੋਪੜ) ਦੇ ਬਹੁਤੇ ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਨਾ ਇੱਕ ਗ਼ਲਤ ਕਦਮ ਸੀ। ਕਾਂਗਰਸੀ ਆਗੂਆਂ ਦਾ ਦੋਸ਼ ਹੈ ਕਿ ਸ੍ਰੀ ਸੰਦੋਆ ਆਮ ਜਨਤਾ ਵਿੱਚ ਬਿਲਕੁਲ ਹਰਮਨਪਿਆਰੇ ਨਹੀਂ ਹਨ। ਚੇਤੇ ਰਹੇ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ੍ਰੀ ਅਮਰਜੀਤ ਸੰਦੋਆ ਆਪਣੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਰੋਪੜ ਦੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਅਮਰਜੀਤ ਸੰਦੋਆ ਹੁਰਾਂ ਦਾ ਜੱਦੀ ਸ਼ਹਿਰ ਨੂਰਪੁਰ ਬੇਦੀ ਹੈ, ਜਿੱਥੋਂ ਕਾਂਗਰਸੀ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਆਪਣੇ ਵਿਰੋਧੀ ਉਮੀਦਵਾਰ ਤੋਂ 600 ਵੋਟਾਂ ਨਾਲ ਪੱਛੜ ਗਏ ਸਨ। ਇਸੇ ਲਈ ਇਹ ਆਗੂ ਹੁਣ ਸ੍ਰੀ ਸੰਦੋਆ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਨੂੰ ‘ਤਬਾਹਕੁੰਨ’ ਆਖ ਰਹੇ ਹਨ। ਕਾਂਗਰਸ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਨੇ ਦੋਸ਼ ਲਾਇਆ ਕਿ – ‘ਅਮਰਜੀਤ ਸਿੰਘ ਸੰਦੋਆ ਰੇਤੇ ਦੀ ਗ਼ੈਰ–ਕਾਨੂੰਨੀ ਮਾਈਨਿੰਗ ਦੇ ਮਾਮਲਿਆਂ ਵਿੱਚ ਬਦਨਾਮ ਹਨ, ਇਸੇ ਲਈ ਉਹ ਹਰਮਨਪਿਆਰੇ ਨਹੀਂ ਹਨ।’ ਇੰਝ ਹੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰੇਸ਼ ਚੰਦ ਨੇ ਵੀ ਕਿਹਾ ਕਿ – ‘ਸਿਰਫ਼ ਸੰਦੋਆ ਕਾਰਨ ਹੀ ਕਾਂਗਰਸ ਨੂੰ ਰੂਪਨਗਰ ਜ਼ਿਲ੍ਹੇ ਵਿੱਚ ਵੀ ਸਿਰਫ਼ 3,500 ਵੋਟਾਂ ਹੀ ਵੱਧ ਮਿਲ ਸਕੀਆਂ; ਜਦ ਕਿ ਸਾਨੂੰ ਆਸ ਸੀ ਕਿ ਅਸੀਂ ਇੱਥੋਂ 15,000 ਵੋਟਾਂ ਵੱਧ ਲੈ ਕੇ ਜਾਵਾਂਗੇ।’ ਅਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਨੇ 47,000 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਹੈ।
previous post