ਭਾਲਾ ਸੁੱਟਣ ‘ਚ ਜਰਮਨੀ ਦੇ ਮੌਜੂਦਾ ਓਲੰਪਿਕ ਚੈਂਪੀਅਨ ਥਾਮਸ ਰੋਹਲਰ ਨੇ ਪਿੱਠ ‘ਚ ਸੱਟ ਲੱਗਣ ਕਾਰਨ ਸੋਮਵਾਰ ਨੂੰ ਟੋਕੀਓ ਓਲੰਪਿਕ ਤੋਂ ਹਟਣ ਦਾ ਐਲਾਨ ਕੀਤਾ। ਰੋਹਲਰ ਨੂੰ ਅਭਿਆਸ ਦੌਰਾਨ ਸੱਟ ਲੱਗ ਗਈ ਸੀ ਜਿਸ ਕਾਰਨ ਉਨ੍ਹਾਂ ਇਸ ਸਾਲ ਘੱਟ ਮੁਕਾਬਲਿਆਂ ‘ਚ ਹਿੱਸਾ ਲਿਆ ਹੈ। ਮੁਕਾਬਲੇ ‘ਚੋਂ ਹਟਣ ਤੋਂ ਪਹਿਲਾਂ ਉਨ੍ਹਾਂ ਇਸ ਮਹੀਨੇ ਜਰਮਨ ਚੈਂਪੀਅਨਸ਼ਿਪ ‘ਚ ਇਕ ਫਊਲ ਥ੍ਰੋ ਸੁੱਟਿਆ ਸੀ।
ਓਲੰਪਿਕ ‘ਚ 30 ਗੋਲਡ ਜਿੱਤਣ ਦੇ ਟੀਚੇ ਤੋਂ ਪਿੱਛੇ ਹਟਿਆ ਜਾਪਾਨ
ਟੋਕੀਓ (ਏਪੀ) : ਜਾਪਾਨ ਨੇ ਆਪਣੀ ਧਰਤੀ ‘ਤੇ ਅਗਲੇ ਮਹੀਨੇ ਹੋਣ ਵਾਲੀਆਂ ਵਾਲੀਆਂ ਓਲੰਪਿਕ ਖੇਡਾਂ ‘ਚ 30 ਗੋਲਡ ਮੈਡਲ ਜਿੱਤਣ ਦਾ ਅੰਦਾਜ਼ਾ ਲਗਾਇਆ ਸੀ ਪਰ ਹੁਣ ਉਹ ਇਸ ਤੋਂ ਪਿੱਛੇ ਹਟ ਗਿਆ ਹੈ। ਜਾਪਾਨ ਓਲੰਪਿਕ ਕਮੇਟੀ ਦੇ ਪ੍ਰਧਾਨ ਯਾਸੁਹਿਰੋ ਯਾਮਾਸ਼ਿਤਾ ਨੇ ਕਿਹਾ ਕਿ ਮਹਾਮਾਰੀ ਦੀ ਲਪੇਟ ‘ਚ ਆਉਣ ਕਾਰਨ ਕੁਝ ਮਹੀਨੇ ਪਹਿਲਾਂ ਤਕ 30 ਗੋਲਡ ਮੈਡਲ ਜਿੱਤਣ ਦਾ ਟੀਚਾ ਸੀ ਪਰ ਹੁਣ ਇਹ ਟੀਚਾ ਨਹੀਂ ਹੈ। ਪੰਜ ਸਾਲ ਪਹਿਲਾਂ ਰਿਓ ਓਲੰਪਿਕ ‘ਚ ਜਾਪਾਨ ਨੇ 12 ਗੋਲਡ ਮੈਡਲ ਜਿੱਤੇ ਸਨ।
ਜਾਪਾਨ ਨੇ ਸਿਹਤ ਸੁਰੱਖਿਆ ਨੂੁੰ ਵਧਾਇਆ
ਟੋਕੀਓ (ਏਪੀ) : ਯੁਗਾਂਡਾ ਓਲੰਪਿਕ ਟੀਮ ਦੇ ਇਕ ਮੈਂਬਰ ਦੇ ਟੋਕੀਓ ‘ਚ ਲੱਗੇ ਟ੍ਰੇਨਿੰਗ ਕੈਂਪ ‘ਚ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਸੋਮਵਾਰ ਨੂੰ ਹਵਾਈ ਅੱਡਿਆਂ ‘ਤੇ ਸਿਹਤ ਸੁਰੱਖਿਆ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਸੁਗਾ ਨੇ ਕਿਹਾ, ‘ਜ਼ਾਹਿਰ ਤੌਰ ‘ਤੇ ਵਿਦੇਸ਼ ਤੋਂ ਆਉਣ ਵਾਲਿਆਂ ਦੀ ਜਾਂਚ ਦੀ ਢੁੱਕਵੀਂ ਵਿਵਸਥਾ ਅਜੇ ਵੀ ਨਹੀਂ ਹੈ। ਇਸ ‘ਤੇ ਕੰਮ ਕਰਦੇ ਹੋਏ ਕਾਫੀ ਸਮਾਂ ਹੋ ਗਿਆ ਹੈ।’ ਖਿਡਾਰੀਆਂ ਦੇ ਕੋਵਿਡ-19 ਪਾਜ਼ੇਟਿਵ ਹੋਣ ਨਾਲ ਆਗਾਮੀ ਖੇਡਾਂ ‘ਚ ਇਨਫੈਕਸ਼ਨ ਫੈਲਣ ਦੀ ਚਿੰਤਾ ਪੈਦਾ ਹੋ ਗਈ ਹੈ। ਯੁਗਾਂਡਾ ਟੀਮ ਦੇ ਇਕ ਮੈਂਬਰ, ਕਥਿਤ ਤੌਰ ‘ਤੇ ਕੋਚ ਨੂੰ ਸ਼ਨਿਚਰਵਾਰ ਨੂੰ ਟੋਕੀਓ ਦੇ ਨਾਰੀਤਾ ਹਵਾਈ ਅੱਡੇ ‘ਤੇ ਪੁੱਜਣ ‘ਤੇ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।