ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਖ਼ਤਮ ਹੁੰਦਿਆਂ ਹੀ ਭਾਰਤ ਨੇ ਆਸਟ੍ਰੇਲੀਆ ਦੌਰਾ ਕਰਨਾ ਹੈ। ਸੋਮਵਾਰ ਨੂੰ ਤਿੰਨਾਂ ਫਾਰਮੈਟਾਂ ਲਈ ਟੀਮ ਦੀ ਚੋਣ ਕੀਤੀ ਗਈ। ਰੋਹਿਤ ਸ਼ਰਮਾ ਦਾ ਨਾਂ ਟੀਮ ‘ਚ ਸ਼ਾਮਿਲ ਨਹੀਂ ਕੀਤਾ ਗਿਆ, ਜਿਸ ਦੀ ਵਜ੍ਹਾ ਉਸ ਦੀ ਸੱਟ ਦੱਸੀ ਗਈ। ਉਨ੍ਹਾਂ ਨੂੰ ਟੀਮ ਤੋਂ ਬਾਹਰ ਰੱਖੇ ਜਾਣ ‘ਤੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ੰਸਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਇਸ ਖਿਡਾਰੀ ਨੂੰ ਦੌਰੇ ਲਈ ਕਿਉਂ ਨਹੀਂ ਚੁਣਿਆ ਗਿਆ।
ਆਸਟ੍ਰੇਲੀਆ ਦੌਰੇ ‘ਤੇ ਜਾਣ ਵਾਲੀ ਟੀਮ ਦੀ ਚੋਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਬਿਆਨ ਜਾਰੀ ਕੀਤਾ ਗਿਆ। ਬੀਸੀਸੀਆਈ ਦੀ ਮੈਡੀਕਲ ਟੀਮ ਦੀ ਰੋਹਿਤ ਸ਼ਰਮਾ ਤੇ ਇਸ਼ਾਂਤ ਸ਼ਰਮਾ ਦੀ ਸੱਟ ‘ਤੇ ਨਜ਼ਰ ਬਣੀ ਹੋਈ ਹੈ। ਰੋਹਿਤ ਨੂੰ ਆਸਟ੍ਰੇਲੀਆ ਦੌਰੇ ਤੋਂ ਬਾਹਰ ਰੱਖਿਆ ਗਿਆ ਤੇ ਉਨ੍ਹਾਂ ਦੀ ਸੱਟ ਬਾਰੇ ਬੀਸੀਸੀਆਈ ਨੇ ਵੀ ਜਾਣਕਾਰੀ ਦਿੱਤੀ। ਟੀਮ ਦੀ ਚੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਆਈਪੀਐੱਲ ਫ੍ਰੈਂਚਾਇਜ਼ੀ ਟੀਮ ਮੁੰਬਈ ਇੰਡੀਅਨਜ਼ ਨੇ ਰੋਹਿਤ ਦੀ ਨੈੱਟ ਪ੍ਰੈਕਟਿਸ ਦੀ ਵੀਡੀਓ ਨੂੰ ਪੋਸਟ ਕੀਤਾ। ਇਸ ‘ਚ ਉਹ ਪੂਰੀ ਤਰ੍ਹਾਂ ਫਿੱਟ ਨਜ਼ਰ ਆ ਰਹੇ ਹਨ।