ਦੋਰਾਹਾ : ਦੋਰਾਹਾ ਪੁਲਿਸ ਵੱਲੋਂ ਸਹਿਕਾਰੀ ਸਭਾ ਦੇ ਮੈਨੇਜਰ ਖਿਲਾਫ ਕਰੋੜਾਂ ਰੁਪਏ ਗਬਨ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਤਫਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਇੱਕ ਦਰਖਾਸਤ ਨੰਬਰ 709 ਈ/ ਡੀਸੀ ਮਿਤੀ 18.12.23, ਡਾਇਰੀ ਨੰਬਰ 31389ਏ ਮਿਤੀ 13.12.2023 ਵੱਲੋ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਪਾਇਲ ਵੱਲੋਂ ਸਾਧੂ ਸਿੰਘ ਪੁੱਤਰ ਰੌਣਕੀ ਵਾਸੀ ਪਿੰਡ ਬੇਗੋਵਾਲ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦੇ ਖਿਲਾਫ ਸਾਲ 2021-22 ਅਨੁਸਾਰ ਰਕਮ ਕਰੀਬ 1 ਕਰੋੜ 68 ਹਜ਼ਾਰ ਰੁਪਏ ਦੇ ਗਬਨ ਕਰਨ ਅਤੇ ਦੁਰਵਰਤੋਂ ਕਰਨ ਸਬੰਧੀ ਦਿੱਤੀ ਸੀ। ਸਹਿਕਾਰਤਾ ਵਿਭਾਗ ਪੰਜਾਬ ਦੇ ਆਡਿਟ ਵਿਭਾਗ ਦੇ ਪੱਤਰ ਨੰਬਰ ਅ.ਅ.ਲੂ /2023/3009 ਮਿਤੀ 21/08/2023 ਰਾਹੀਂ ਸਾਧੂ ਸਿੰਘ ਮੈਨੇਜਰ ਦੀ ਦੋਰਾਹਾ ਮੰਡੀ ਕਰਨ ਸਹਿਕਾਰੀ ਸਭਾ ਦੋਰਾਹਾ ਦੇ ਖਿਲਾਫ ਮੁਬਲਿਗ 1 ਕਰੋੜ 68 ਹਜ਼ਾਰ 81 ਰੁਪਏ 23 ਪੈਸੇ ਦੀ ਸਪੈਸ਼ਲ ਰਿਪੋਰਟ ਬਾਬਤ ਸਾਲ 2021-22 ਜਾਰੀ ਕੀਤੀ ਗਈ ਹੈ, ਜਿਸ ਵਿੱਚ ਫੰਡਾਂ ਦੀ ਵਰਤੋਂ ਕਰਨ ਵਿੱਚ ਊਣਤਾਈਆਂ ਪਾਈਆਂ ਗਈਆਂ ਸਨ, ਜਿਸ ‘ਤੇ ਕਾਰਵਾਈ ਕਰਦੇ ਹੋਏ ਸਭਾ ਦੇ ਮਤੇ ਮਿਤੀ15 ਸਤੰਬਰ 2023 ਰਾਹੀਂ ਸਰਬਸੰਮਤੀ ਨਾਲ ਮੈਨੇਜਰ ਸਭਾ ਸਾਧੂ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਗਿਆ ਸੀ ਅਤੇ ਹਲਕਾ ਨਿਰੀਖਕ ਵੱਲੋ ਸਿਫਾਰਸ਼ ਕੀਤੀ ਗਈ ਸੀ ਕਿ ਮੈਨੇਜਰ ਸਾਧੂ ਸਿੰਘ ਖਿਲਾਫ ਕ਼ਾਨੂਨੀ ਕਾਰਵਾਈ ਕੀਤੀ ਜਾਵੇ।ਜਿਸ ‘ਤੇ ਮੈਨੇਜਰ ਸਾਧੂ ਸਿੰਘ ਨੇ ਆਪਣੀ ਮੁਅੱਤਲੀ ਖਿਲਾਫ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇੱਕ ਪਟੀਸ਼ਨ ਵੀ ਪਾਈ ਗਈ ਸੀ, ਜਿਸਨੂੰ ਮਾਣਯੋਗ ਹਾਈ ਕੋਰਟ ਵੱਲੋਂ ਰੱਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ਤਹਿਤ ਸਾਧੂ ਸਿੰਘ ਨੂੰ ਸਭਾ ਪਾਸ ਆਪਣਾ ਪੱਖ ਰੱਖਣ ਲਈ 13 ਅਕਤੂਬਰ 2023 ਦਾ ਸਮਾਂ ਦਿੱਤਾ ਗਿਆ ਸੀ। ਸਹਿਕਾਰਤਾ ਵਿਭਾਗ ਪੰਜਾਬ ਦੇ ਆਡਿਟ ਵਿਭਾਗ ਦੀ ਰਿਪੋਰਟ ਵਿਚ 9 ਲੱਖ 13 ਹਜ਼ਾਰ 100 ਰੁਪਏ ਦਾ ਗਬਨ, 47 ਲੱਖ 27 ਹਜ਼ਾਰ 514 ਰੁਪਏ ਦੀ ਦੁਰਵਰਤੋ ਅਤੇ 42 ਲੱਖ 27 ਹਜ਼ਾਰ ਰੁਪਏ ਦੇ ਘਪਲੇ ਦਾ ਜ਼ਿੰਮੇਵਾਰ ਠਹਿਰਾਇਆ ਗਿਆ। ਜਿਸ ਦੇ ਆਧਾਰ ‘ਤੇ ਮੁਲਜ਼ਮ ਸਾਧੂ ਸਿੰਘ ਖਿਲਾਫ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਉਕਤ ਦਰਜ ਕੀਤਾ ਗਿਆ।