ਉਹ 16 ਅਤੇ 17 ਜੂਨ 2013 ਦੀ ਦਰਮਿਆਨੀ ਰਾਤ ਸੀ। ਉੱਤਰਾਖੰਡ ਦੇ ਲੋਕ ਆਪਣੇ-ਆਪਣੇ ਘਰਾਂ ’ਚ ਸਨ, ਕਿਉਂਕਿ 13 ਜੂਨ ਤੋਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਸੀ। ਘਾਟੀ ਦੇ ਸ਼ਾਂਤ ਮਾਹੌਲ ’ਚ ਇਕਦਮ ਤੋਂ ਗੜਬੜੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੁਝ ਲੋਕ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਸਥਾਨਾਂ ਵੱਲ ਭੱਜ ਰਹੇ ਸਨ। ਕੁਝ ਹੀ ਸਮੇਂ ’ਚ ਪੂਰੀ ਘਾਟੀ ’ਚ ਮੰਦਾਕਿਨੀ ਨਦੀ ਦਾ ਪਾਣੀ ਭਰ ਗਿਆ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਮੰਦਾਕਿਨੀ ਨਦੀ ਇੰਨਾ ਵਿਕਰਾਲ ਰੂਪ ਧਾਰਨ ਕਰ ਲਵੇਗੀ ਕਿ ਆਪਣੇ ਰਸਤੇ ’ਚ ਆਉਣ ਵਾਲੇ ਘਰਾਂ, ਰੈਸਟੋਰੈਂਟ ਅਕੇ ਲੋਕਾਂ ਨੂੰ ਬਹਾ ਲੈ ਜਾਵੇਗੀ। ਸਵੇਰੇ ਪੂਰਾ ਦੇਸ਼ ਸੋਗ ’ਚ ਡੁੱਬ ਗਿਆ। ਕੇਦਾਰਨਾਥ ਯਾਤਰਾ ਲਈ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਤੋਂ ਆਏ ਹਜ਼ਾਰਾਂ ਲੋਕਾਂ ਦਾ ਕੋਈ ਅਤਾ-ਪਤਾ ਨਹੀਂ ਸੀ। ਇਸ ਤ੍ਰਾਸਦੀ ’ਚ ਲਾਪਤਾ ਹੋਏ ਲੋਕਾਂ ਦੇ ਰਿਸ਼ਤੇਦਾਰ ਅੱਜ ਵੀ ਆਪਣਿਆਂ ਦਾ ਇੰਤਜ਼ਾਰ ਕਰ ਰਹੇ ਹਨ।
ਕੇਦਾਰਨਾਥ ਤ੍ਰਾਸਦੀ ਨੂੰ ਅੱਠ ਸਾਲ ਹੋ ਗਏ ਹਨ ਪਰ ਇਸਦੀਆਂ ਭਿਆਨਕ ਯਾਦਾਂ ਅੱਜ ਵੀ ਰੌਂਗਟੇ ਖੜ੍ਹੇ ਕਰ ਦਿੰਦੀਆਂ ਹਨ। 13 ਜੂਨ 2013 ਨੂੰ ਉੱਤਰਾਖੰਡ ’ਚ ਜ਼ਬਰਦਸਤ ਬਾਰਿਸ਼ ਸ਼ੁਰੂ ਹੋਈ। ਇਸ ਦੌਰਾਨ ਉਥੋਂ ਦਾ ਚੌਰਾਬਾੜੀ ਗਲੇਸ਼ੀਅਰ ਪਿਘਲ ਗਿਆ ਸੀ, ਜਿਸ ਨਾਲ ਮੰਦਾਕਿਨੀ ਨਦੀ ਦਾ ਪੱਧਰ ਦੇਖਦੇ ਹੀ ਦੇਖਦੇ ਵੱਧਣ ਲੱਗਾ। ਇਸ ਵਧੇ ਪਾਣੀ ਦੇ ਪੱਧਰ ਨੇ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਨੇਪਾਲ ਦਾ ਵੱਡਾ ਹਿੱਸਾ ਆਪਣੀ ਲਪੇਟ ’ਚ ਲੈ ਲਿਆ। ਤੇਜ਼ੀ ਨਾਲ ਵਹਿੰਦੀ ਮੰਦਾਕਿਨੀ ਦਾ ਪਾਣੀ ਕੇਦਾਰਨਾਥ ਮੰਦਰ ਤਕ ਆ ਗਿਆ। ਇਸਤੋਂ ਬਾਅਦ ਪੂਰੇ ਖੇਤਰ ’ਚ ਜੋ ਤਬਾਹੀ ਹੋਈ, ਉਸਦੇ ਨਿਸ਼ਾਨ ਅੱਜ ਵੀ ਕੇਦਾਰਘਾਟੀ ’ਚ ਨਜ਼ਰ ਆਉਂਦੇ ਹਨ। ਭਾਰੀ ਬਾਰਿਸ਼ ਦੌਰਾਨ ਮੰਦਾਕਿਨੀ ਨਦੀ ਨੇ ਵਿਕਰਾਲ ਰੂਪ ਦਿਖਾਇਆ ਅਤੇ ਹਾਦਸੇ ’ਚ 6 ਹਜ਼ਾਰ ਤੋਂ ਵੱਧ ਲੋਕ ਲਾਪਤਾ ਹੋ ਗਏ ਸਨ। ਹਾਲਾਂਕਿ ਮਾਰੇ ਗਏ ਲੋਕਾਂ ਦਾ ਜ਼ਿਆਦਾਤਰ ਅੰਕੜਾ ਹੁਣ ਤਕ ਸਾਫ ਨਹੀਂ। ਅੱਜ ਵੀ ਕੇਦਾਰਘਾਟੀ ’ਚ ਕੰਕਾਲ ਮਿਲਦੇ ਰਹਿੰਦੇ ਹਨ। ਹਜ਼ਾਰਾਂ ਲੋਕਾਂ ਦਾ ਹੁਣ ਤਕ ਕੁਝ ਪਤਾ ਨਹੀਂ ਚੱਲ ਸਕਿਆ।
ਇਹ ਮੁਸ਼ਕਿਲ ’ਚ ਫਸੇ ਲੋਕਾਂ ਨੂੰ ਬਚਾਉਣ ਲਈ ਸੈਨਾ ਨੂੰ ਤੁਰੰਤ ਭੇਜਿਆ ਗਿਆ। ਸੈਨਾ ਦੇ ਜਵਾਨਾਂ ਨੇ ਲੱਖਾਂ ਲੋਕਾਂ ਨੂੰ ਰੈਸਕਿਊ ਕਰ ਲਿਆ। ਲਗਪਗ, 110000 ਲੋਕਾਂ ਨੂੰ ਸੈਨਾ ਨੇ ਬਚਾਇਆ। ਪਰ ਅੱਠਵੀਂ ਸਦੀ ’ਚ ਬਣੇ ਕੇਦਾਰਨਾਥ ਮੰਦਿਰ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਕਈ ਖੋਜ ਸੰਸਥਾਨਾਂ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਆਖ਼ਰ ਇੰਨੇ ਵਿਕਰਾਲ ਸਮੇਂ ’ਚ ਮੰਦਿਰ ਕਿਵੇਂ ਸੁਰੱਖਿਅਤ ਰਿਹਾ? ਇਸਦੇ ਪਿਛੇ ਕਈ ਕਾਰਨ ਦਿੱਤੇ ਗਏ, ਜਿਸ ’ਚ ਮੰਦਿਰ ਦੀ ਭੂਗੋਲਿਕ ਸਥਿਤੀ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ ਗਿਆ।
ਉੱਤਰਾਖੰਡ ਦੇ ਲੋਕ ਇਸ ਪ੍ਰਕਿਰਤੀ ਦੀ ਮਾਰ ਝੱਲਣ ਤੋਂ ਬਾਅਦ ਹੌਲੀ-ਹੌਲੀ ਆਪਣੀ ਜ਼ਿੰਦਗੀ ਵਾਪਸ ਪਟਰੀ ’ਤੇ ਲੈ ਆਏ ਹਨ। ਨਵੇਂ ਨਿਰਮਾਣ ਤੋਂ ਬਾਅਦ ਕੇਦਾਰਘਾਟੀ ਵੀ ਹੁਣ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ। ਹਾਲਾਂਕਿ, ਇਸ ਤ੍ਰਾਸਦੀ ’ਚ ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ ਹੈ, ਉਨ੍ਹਾਂ ਦੇ ਜ਼ਖ਼ਮ ਸ਼ਾਇਦ ਹੀ ਕਦੇ ਭਰ ਪਾਉਣ।