ਇਸ ਸਾਲ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆਂ ਦੇ ਮੌਕੇ ਇਕੱਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅੰਮ੍ਰਿਤਸਰ ਜ਼ਿਲ੍ਹੇ ਦੀ ਇਤਿਹਾਸਕ ਨਗਰੀ ਬਾਬਾ ਬਕਾਲਾ ਵਿਖੇ ਹਰ ਸਾਲ ਸੌਣ ਮਹੀਨੇ ਦੀ ਪੁੰਨਿਆ ਮੌਕੇ ਰੱਖੜ ਪੁੰਨਿਆਂ ਦਾ ਮੇਲਾ ਲੱਗਦਾ ਹੈ। ਇਸ ਸਬੰਧੀ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਇਸ ਵਾਰ ਮੇਲੇ ‘ਚ ਇਕੱਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਲੋਕਾਂ ਨੂੰ ਘਰਾਂ ‘ਚ ਹੀ ਰਹਿ ਕੇ ਅਰਦਾਸ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਬਾਬਾ ਬਕਾਲਾ ਵਿਖੇ ਜੇਕਰ ਜ਼ਰੂਰਤ ਪਈ ਤਾਂ ਬਾਜ਼ਾਰ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਜ਼ਰੂਰਤ ਮੁਤਾਬਕ ਸਖ਼ਤ ਫੈਸਲੇ ਲਏ ਜਾ ਸਕਦੇ ਹਨ। ਡੀਸੀ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪਹਿਲਾਂ ਹੀ ਬੇਨਤੀ ਕੀਤੀ ਗਈ ਹੈ।
ਜਥੇਦਾਰ ਸਾਹਿਬ ਵੱਲੋਂ ਵੀ ਲੋਕਾਂ ਨੂੰ ਘਰਾਂ ਦੇ ਵਿੱਚ ਰਹਿ ਕੇ ਅਰਦਾਸ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆਂ ਤੇ ਲੱਗਣ ਵਾਲਾ ਮੇਲਾ ਪੰਜਾਬ ਦੇ ਪ੍ਰਸਿੱਧ ਚਾਰ ਮੇਲਿਆਂ ਦੇ ਵਿੱਚੋਂ ਇੱਕ ਹੈ। ਜਿੱਥੇ ਇਸ ਵਾਰ ਕੋਰੋਨਾਵਾਇਰਸ ਕਾਰਨ ਸਰਕਾਰ ਵੱਲੋਂ ਇਕੱਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਡੀਸੀ ਢਿੱਲੋਂ ਨੇ ਇਹ ਵੀ ਆਖਿਆ ਕਿ ਕਿਸੇ ਨੂੰ ਵੀ ਕਿਸੇ ਕਿਸਮ ਦਾ ਸਟਾਲ ਜਾਂ ਪੰਗੂੜੇ ਆਦਿ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।