Priyanka Gandhi alleges Lucknow Police: ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੱਲੋਂ ਪੁਲਿਸ ‘ਤੇ ਗੰਭੀਰ ਦੋਸ਼ ਲਗਾਇਆ ਗਿਆ ਹੈ । ਉਨ੍ਹਾਂ ਦਾ ਪੁਲਿਸ ‘ਤੇ ਦੋਸ਼ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਹਿੰਸਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਆਈਪੀਐੱਸ ਅਧਿਕਾਰੀ ਦੇ ਘਰ ਜਾਂਦੇ ਸਮੇਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਪੁਲਿਸ ਵੱਲੋਂ ਉਨ੍ਹਾਂ ਦਾ ਗਲ਼ਾ ਦਬਾ ਕੇ ਉਨ੍ਹਾਂ ਨੂੰ ਸੁੱਟਿਆ ਗਿਆ । ਪਰ ਪੁਲਿਸ ਵੱਲੋਂ ਪ੍ਰਿਅੰਕਾ ਗਾਂਧੀ ਦੇ ਅਜਿਹੇ ਦੋਸ਼ਾਂ ਨੂੰ ਬਿਲਕੁਲ ਗ਼ਲਤ ਕਰਾਰ ਦਿੱਤਾ ਗਿਆ ਹੈ ।
ਇਸ ਸਬੰਧੀ ਪ੍ਰਿਅੰਕਾ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ CAA ਖਿਲਾਫ਼ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਈਪੀਐੱਸ ਅਧਿਕਾਰੀ ਐੱਸ.ਆਰ. ਦਾਰਾਪੁਰੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਲਈ ਸੂਬਾ ਹੈੱਡਕੁਆਰਟਰਜ਼ ਲਈ ਨਿਕਲੇ ਸਨ । ਉਨ੍ਹਾਂ ਦੱਸਿਆ ਕਿ ਪਰ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਲਿਆ ਗਿਆ ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਗੱਡੀ ਤੋਂ ਉੱਤਰ ਕੇ ਪੈਦਲ ਚੱਲਣ ਲੱਗੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਮਹਿਲਾ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦਾ ਗਲ਼ਾ ਦਬਾਇਆ । ਉਸ ਤੋਂ ਬਾਅਦ ਉਨ੍ਹਾਂ ਨੂੰ ਧੱਕਾ ਦੇ ਕੇ ਸੁੱਟ ਦਿੱਤਾ ।ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਉਹ ਉੱਤਰ ਪ੍ਰਦੇਸ਼ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਹਰੇਕ ਨਾਗਰਿਕ ਨਾਲ ਖੜ੍ਹੀ ਹੈ । ਉਨ੍ਹਾਂ ਲਿਖਿਆ ਕਿ ਸਰਕਾਰ ਬੁਜ਼ਦਿਲਾਂ ਵਾਲੀਆਂ ਹਰਕਤਾਂ ਕਰ ਰਹੀ ਹੈ । ਪਰ ਪੁਲਿਸ ਨੇ ਪ੍ਰਿਅੰਕਾ ਗਾਂਧੀ ਦੇ ਅਜਿਹੇ ਸਾਰੇ ਦੋਸ਼ਾਂ ਨੂੰ ਗ਼ਲਤ ਕਰਾਰ ਦਿੱਤਾ ਹੈ ।
ਉਥੇ ਹੀ ਦੂਜੇ ਪਾਸੇ ਪੁਲਿਸ ਦੇ ਜ਼ੋਨਲ ਇੰਚਾਰਜ ਅਰਚਨਾ ਸਿੰਘ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਦੀ ਡਿਊਟੀ ਫ਼ਲੀਟ ਇੰਚਾਰਜ ਵਜੋਂ ਲਾਈ ਗਈ ਸੀ । ਉਨ੍ਹਾਂ ਦੱਸਿਆ ਕਿ ਪ੍ਰਿਅੰਕਾ ਗੋਖਲੇ ਮਾਰਗ ਸਥਿਤ ਕੌਲ ਹਾਊਸ ਲਈ ਰਵਾਨਾ ਹੋਏ, ਪਰ ਉਨ੍ਹਾਂ ਦੀ ਗੱਡੀ ਨਿਰਧਾਰਤ ਰਸਤੇ ਦੀ ਥਾਂ ਲੋਹੀਆ ਰੋਡ ਵੱਲ ਜਾਣ ਲੱਗੀ ।
ਜਦੋਂ ਉਨ੍ਹਾਂ ਨੂੰ ਰੋਕ ਕੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਾਣ ਵਾਲੇ ਟਿਕਾਣੇ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਗੱਡੀ ਤੋਂ ਉੱਤਰ ਕੇ ਆਪਣੇ ਕਾਰਕੁੰਨਾਂ ਨਾਲ ਪੈਦਲ ਚੱਲਣ ਲੱਗੇ । ਉਨ੍ਹਾਂ ਕਿਹਾ ਕਿ ਗਲ਼ਾ ਫੜਨ ਤੇ ਸੁੱਟਣ ਆਦਿ ਜਿਹੀਆਂ ਭਰਮਾਊ ਗੱਲਾਂ ਸੋਸ਼ਲ ਮੀਡੀਆ ‘ਤੇ ਜੋ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ, ਜੋ ਬਿਲਕੁਲ ਝੂਠ ਹਨ ।