ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਧੰਨੋਵਾਲੀ ਵਿਖੇ ਲਤੀਫਪੁਰਾ ਮੁੜ-ਵਸੇਬਾ ਮੋਰਚਾ ਜਲੰਧਰ ਵਲੋਂ ਲਗਾਏ ਗਏ ਇਸ ਧਰਨੇ ਕਾਰਨ ਕਈ ਕਿਲੋਮੀਟਰ ਲੰਮੇ ਜਾਮ ਲੱਗ ਗਏੇ। ਹਰ ਪਾਸੇ ਤੋਂ ਜਲੰਧਰ ਆਉਣ ਅਤੇ ਜਲੰਧਰ ਤੋਂ ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ ਤੇ ਦਿੱਲੀ ਰੋਡ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਸੂਬੇ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਖਿਲਾਫ ਲਗਾਏ ਗਏ ਇਸ ਧਰਨੇ ਦਾ ਅਸਰ ਸਰਕਾਰ ਦੇ ਮੰਤਰੀਆਂ ‘ਤੇ ਵੀ ਪਿਆ। ਧਰਨੇ ਪ੍ਰਦਰਸ਼ਨ ਕਾਰਨ ਜਾਮ ਹੋਈਆਂ ਸੜਕਾਂ ਕਾਰਨ ਜਲੰਧਰ ਆਏ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਾਫਲਾ ਵੀ ਹਵੇਲੀ ਤੋਂ ਜਲੰਧਰ ਕੈਂਟ ਵੱਲ ਨੂੰ ਆਉਂਦਿਆਂ ਦੀਪ ਨਗਰ ਕੋਲ ਫਸ ਗਿਆ। ਇਸ ਦੌਰਾਨ ਮੰਤਰੀ ਸਾਹਿਬ ਦਾ ਕਾਫਿਲਾ ਆਉਂਦਾ ਵੇਖ ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਨੂੰ ਟ੍ਰੈਫਿਕ ਜਾਮ ਖੁੱਲ੍ਹਵਾ ਕੇ ਮੰਤਰੀ ਸਾਹਿਬ ਨੂੰ ਲੰਘਾਉਣ ਲਈ ਖਾਸੀ ਮੁਸ਼ੱਕਤ ਕਰਨੀ ਪਈ।
ਸਿਰਾਂ ‘ਤੇ ਛੱਤ ਲਈ ਲੜਾਈ ਲੜ ਰਹੇ ਲਤੀਫਪੁਰਾ ਮੁੜ ਵਸੇਬਾ ਮੋਰਚਾ ਜਲੰਧਰ ਵਲੋਂ 32 ਕਿਸਾਨ ਜੱਥੇਬੰਦੀਆਂ (ਸੰਯੁਕਤ ਮੋਰਚਾ) ਦੇ ਸਹਿਯੋਗ ਨਾਲ ਜਲੰਧਰ ਨੈਸ਼ਨਲ ਹਾਈਵੇਅ ਧੰਨੋਵਾਲੀ ਵਿਖੇ ਧਰਨਾ ਲਗਾਇਆ ਗਿਆ ਹੈ। ਇਸ ਧਰਨੇ ਵਿਚ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਦੁਆਬਾ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਕਿਸਾਨ ਯੂਨੀਅਨ ਬਾਗੀ, ਕਿਸਾਨ ਯੂਨੀਅਨ ਅੰਮ੍ਰਿਤਸਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਕੁੱਲ ਹੈੱਡ ਪੰਜਾਬ ਸਭਾ ਵਲੋਂ ਆਪਣੀ ਲਈ ਲੜਾਈ ਲੜ ਰਹੇ ਲਤੀਫਪੁਰਾ ਵਾਸੀਆਂ ਦਾ ਭਰਪੂਰ ਸਮਰਥਨ ਦਿੰਦੇ ਹੋਏ ਵੱਡੀ ਗਿਣਤੀ ‘ਚ ਸਮਰਥਕਾਂ ਸਮੇਤ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ।
ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਨਿਰਭੈਲ ਸਿੰਘ ਢੁੱਡੀਕੇ ਨੇ ਕਿਹਾ ਕਿ ਲਤੀਫਪੁਰਾ ਵਾਸੀ ਮੁੜ ਵਸੇਬੇ ਲਈ ਲੜੇ ਜਾ ਰਹੇ ਇਸ ਸੰਘਰਸ਼ ਵਿਚ ਆਪਣੇ-ਆਪ ਨੂੰ ਇਕੱਲਾ ਨਾ ਸਮਝਣ। ਉਨ੍ਹਾਂ ਕਿਹਾ ਕਿ ਸੱਚਾਈ ਅਤੇ ਇਨਸਾਫ ਦਾ ਸਾਥ ਦੇਣ ਵਾਲਾ ਪੰਜਾਬ ਦਾ ਹਰ ਇੱਕ ਵਾਸੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੀ ਗਈ ਧੱਕੇਸ਼ਾਹੀ ਖਿਲਾਫ ਉਨ੍ਹਾਂ ਵਲੋਂ ਲੜੀ ਜਾ ਰਹੀ ਇਸ ਲੜਾਈ ‘ਚ ਉਨ੍ਹਾਂ ਦੇ ਨਾਲ ਹੈ। ਆਪਣੇ ਸੰਬੋਧਨ ਦੌਰਾਨ ਸੂਬਾ ਸਰਕਾਰ ਨੂੰ ਲਲਕਾਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਲਤੀਫਪੁਰਾ ਵਾਸੀਆਂ ਦੇ ਮਸਲੇ ਦਾ ਹੱਲ ਨਾ ਕੀਤਾ ਤਾਂ ਸਰਕਾਰ ਆਉਣ ਵਾਲੇ ਦਿਨਾਂ ‘ਚ ਇਸਦਾ ਖਾਮਿਆਜ਼ਾ ਭੁਗਤਣ ਲਈ ਤਿਆਰ ਰਹੇ ।
ਇਸ ਮੌਕੇ ਜਸਕਰਨ ਸਿੰਘ ਕਾਹਨਸਿੰਘਵਾਲਾ, ਬਲਵਿੰਦਰ ਸਿੰਘ ਮੱਲ੍ਹੀਨੰਗਲ, ਤਰਸੇਮ ਸਿੰਘ ਵਿੱਕੀ ਜੈਨਪੁਰ, ਸੰਤੋਖ ਸਿੰਘ ਸੰਧੂ, ਤਰਸੇਮ ਪੀਟਰ, ਕਸ਼ਮੀਰ ਸਿੰਘ ਘੁੱਗਸ਼ੋਰ, ਚਰਨਜੀਤ ਸਿੰਘ ਥੰਮੂਵਾਲ ਅਤੇ ਬੋਹੜ ਸਿੰਘ ਹਜ਼ਾਰਾ ਨੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ।