ਅਰਸ਼ਦ ਨਦੀਮ ਲਹਿੰਦੇ ਪੰਜਾਬ ਦਾ ਮਾਣ ਹੈ ਤੇ ਪਾਕਿਸਤਾਨ ਦੀ ਸ਼ਾਨ। ਨੀਰਜ ਚੋਪੜਾ ਹਰਿਆਣੇ ਦਾ ਮਾਣ ਤੇ ਭਾਰਤ ਦੀ ਸ਼ਾਨ ਹੈ। ਦੋਵੇਂ ਦੋਸਤ ਹਨ ਤੇ ਦੁਨੀਆ ਦੇ ਸਭ ਤੋਂ ਤਕੜੇ ਜੈਵਲਿਨ ਥਰੋਅਰ। ਉਨ੍ਹਾਂ ਦੀਆਂ ਦੋ ਮੁਲਕਾਂ ਵਿੱਚ ਵਸਦੀਆਂ ਮਾਵਾਂ ਵੀ ਦੋਹਾਂ ਨੂੰ ਆਪਣੇ ਇੱਕੋ ਜਿਹੇ ਪੁੱਤਰ ਸਮਝਦੀਆਂ ਹਨ। ਉਹ ਦੋਹਾਂ ਦੀ ਜਿੱਤ ਲਈ ਆਪਣੇ ਅੱਲਾ ਤੇ ਪ੍ਰਭੂ ਤੋਂ ਦੁਆਵਾਂ ਮੰਗਦੀਆਂ ਹਨ। ਨੀਰਜ ਤੇ ਨਦੀਮ ਵੀ ਮੁਕਾਬਲੇ ਤੋਂ ਪਹਿਲਾਂ ਇੱਕ ਦੂਜੇ ਨੂੰ ਜਿੱਤਣ ਲਈ ਸ਼ੁਭ ਇੱਛਾਵਾਂ ਦਿੰਦੇ ਹਨ, ਪਰ ਕਰਮਾਂ ਦੀ ਮਾਰ ਐਸੀ ਪੈ ਰਹੀ ਹੈ ਕਿ ਸਿਆਸਤਦਾਨਾਂ ਨੇ ਵੋਟਾਂ ਬਟੋਰਨ ਲਈ ਗੁਆਂਢੀਆਂ ਵਿਚਕਾਰ ਵੰਡੀਆਂ ਪਾ ਰੱਖੀਆਂ ਹਨ। ਖਿਡਾਰੀ ਦੋਸਤੀਆਂ ਪਾਲ ਰਹੇ ਹਨ ਤੇ ਉਨ੍ਹਾਂ ਦੀਆਂ ਮਾਵਾਂ ਪਿਆਰ ਜਤਾ ਰਹੀਆਂ ਹਨ। ਕਾਸ਼, ਖੇਡਾਂ ਦੇ ਇਸ ਵਰਤਾਰੇ ਦੀ ਮੋਹਰ ਭਾਰਤ-ਪਾਕਿ ਰਿਸ਼ਤਿਆਂ ’ਤੇ ਪੱਕੀ ਹੀ ਲੱਗ ਜਾਵੇ!
ਟੋਕੀਓ ਓਲੰਪਿਕ 2021 ਵਿੱਚ ਭਾਰਤ ਦੇ ਨੀਰਜ ਨੇ ਜੈਵਲਿਨ ਥਰੋਅ ਦਾ ਗੋਲਡ ਮੈਡਲ ਜਿੱਤਿਆ ਸੀ। ਉੱਥੇ ਨਦੀਮ ਪੰਜਵੀਂ ਥਾਂ ਰਿਹਾ ਸੀ। ਪਹਿਲਾਂ ਵੀ ਕਦੇ ਨਦੀਮ ਜਿੱਤ ਜਾਂਦਾ ਸੀ, ਕਦੇ ਨੀਰਜ। ਪੈਰਿਸ ਓਲੰਪਿਕ 2024 ਵਿੱਚ ਨਦੀਮ ਗੋਲਡ ਮੈਡਲ ਜਿੱਤਿਆ ਤੇ ਨੀਰਜ ਸਿਲਵਰ। ਦੋਹਾਂ ਨੇ ਆਪੋ ਆਪਣੇ ਕਰੀਅਰ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਨਦੀਮ ਜੈਵਲਿਨ ਦਾ ਨਵਾਂ ਓਲੰਪਿਕ ਚੈਂਪੀਅਨ ਬਣ ਕੇ ਨਵਾਂ ਰਿਕਾਰਡ ਵੀ ਕਰ ਗਿਆ। ਪੈਰਿਸ ਵਿੱਚ ਉਸ ਨੇ 92.97 ਮੀਟਰ ਯਾਨੀ 305.02 ਫੁੱਟ ਦੂਰ ਨੇਜ਼ਾ ਸੁੱਟਿਆ। ਪਹਿਲਾਂ ਓਲੰਪਿਕ ਰਿਕਾਰਡ 90.57 ਮੀਟਰ ਦਾ ਸੀ। ਇੰਜ ਨਦੀਮ ਗੋਦੜੀ ਦਾ ਲਾਲ ਸਿੱਧ ਨਿਕਲਿਆ।