ਚੰਡੀਗੜ੍ਹ- ਨਗਰ ਨਿਗਮ ਚੰਡੀਗੜ੍ਹ ਦੀ ਹਾਲ ਹੀ ਵਿੱਚ ਬਣੀ ਜਲ ਸਪਲਾਈ ਅਤੇ ਸੀਵਰੇਜ ਨਿਕਾਸੀ ਕਮੇਟੀ ਦੀ ਪਲੇਠੀ ਮੀਟਿੰਗ ਅੱਜ ਮੇਅਰ ਹਰਪ੍ਰੀਤ ਕੌਰ ਬਬਲਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਸੀਵਰੇਜ ਸੈੱਸ ਵਧਾਉਣ ਅਤੇ ਲਾਲ ਡੋਰੇ ਵਾਲੇ ਖੇਤਰ ਤੋਂ ਬਾਹਰ ਪਾਣੀ ਦੇ ਅਸਥਾਈ ਕੁਨੈਕਸ਼ਨਾਂ ਦੇ ਮਸਲਿਆਂ ਸਬੰਧੀ ਚਰਚਾ ਕੀਤੀ ਗਈ। ਕਮੇਟੀ ਦੀ ਚੇਅਰਪਰਸਨ ਕੌਂਸਲਰ ਸਰਬਜੀਤ ਕੌਰ ਨੇ ਤਜਵੀਜ਼ ਰੱਖੀ ਕਿ ਸੀਵਰੇਜ ਸੈੱਸ ਹਰ ਸਾਲ ਦੋ ਫੀਸਦ ਵਧਾਇਆ ਜਾਵੇ ਤਾਂ ਜੋ ਟਿਕਾਊ ਬੁਨਿਆਦੀ ਢਾਂਚੇ ਦੀ ਦੇਖਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਹਾਲਾਂਕਿ, ਕੌਂਸਲਰ ਪ੍ਰੇਮ ਲਤਾ ਨੇ ਇਸ ਪ੍ਰਸਤਾਵ ’ਤੇ ਇਤਰਾਜ਼ ਪ੍ਰਗਟਾਇਆ ਅਤੇ ਸ਼ਹਿਰ ਨਿਵਾਸੀਆਂ ’ਤੇ ਇਸਦੇ ਪ੍ਰਭਾਵ ’ਤੇ ਚਿੰਤਾ ਪ੍ਰਗਟ ਕੀਤੀ। ਕਮੇਟੀ ਨੇ ਲਾਲ ਡੋਰਾ ਅਤੇ ਫਿਰਨੀ ਖੇਤਰਾਂ ਦੇ ਵਸਨੀਕਾਂ ਨੂੰ ਪੁਰਾਣੇ 22 ਪਿੰਡਾਂ ਵਿੱਚ ਪਾਣੀ ਦੇ 2,563 ਅਸਥਾਈ ਕੁਨੈਕਸ਼ਨ ਅਲਾਟ ਕਰਨ ਦੇ ਏਜੰਡੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਹਾਲਾਂਕਿ, ਇਸ ਫ਼ੈਸਲੇ ਤੋਂ ਬਾਅਦ ਹਾਲੇ ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨੀ ਬਾਕੀ ਹੈ ਅਤੇ ਨੋਟੀਫਿਕੇਸ਼ਨ ਉਪਰੰਤ ਹੀ ਇਹ ਕੁਨੈਕਸ਼ਨ ਦਿੱਤੇ ਜਾ ਸਕਣਗੇ। ਮੇਅਰ ਨੇ ਦੱਸਿਆ ਕਿ ਇਸ ਫੈਸਲੇ ਨਾਲ ਨਗਰ ਨਿਗਮ ਚੰਡੀਗੜ੍ਹ ਨੂੰ ਸਾਲਾਨਾ ਤਿੰਨ ਕਰੋੜ ਦਾ ਮਾਲੀਆ ਪੈਦਾ ਹੋਣ ਦੀ ਉਮੀਦ ਹੈ।