Pervez Musharraf Death Sentence Overturned: ਲਾਹੌਰ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਵੱਡੀ ਰਾਹਤ ਮਿਲੀ ਹੈ । ਜਿੱਥੇ ਅਦਾਲਤ ਨੇ ਮੁਸ਼ੱਰਫ ਵਿਰੁੱਧ ਮੌਤ ਦੀ ਸਜ਼ਾ ਨੂੰ ਖਾਰਿਜ ਕਰ ਦਿੱਤਾ ਹੈ । ਇਸਦੇ ਨਾਲ ਹੀ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੀ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਗ਼ੈਰ-ਸੰਵਿਧਾਨਕ’ ਕਰਾਰ ਦੇ ਦਿੱਤਾ ਗਿਆ ਹੈ ।ਦਰਅਸਲ, ਲਾਹੌਰ ਹਾਈ ਕੋਰਟ ਵੱਲੋਂ ਇਹ ਫੈਸਲਾ ਮੁਸ਼ੱਰਫ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਦੇ ਬਾਅਦ ਸੁਣਾਇਆ ਗਿਆ ਹੈ ।
ਜ਼ਿਕਰਯੋਗ ਹੈ ਕਿ ਇਸਲਾਮਾਬਾਦ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਬੀਤੇ 17 ਦਸੰਬਰ ਨੂੰ ਮੁਸ਼ੱਰਫ ਖਿਲਾਫ਼ ਦੇਸ਼ਧ੍ਰੋਹ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ । ਇਹ ਕੇਸ ਪਾਕਿਸਤਾਨ ਮੁਸਿਲਮ ਲੀਗ ਨਵਾਜ਼ ਸਰਕਾਰ ਵੱਲੋਂ ਸਾਲ 2013 ਵਿੱਚ ਦਰਜ ਕਰਵਾਇਆ ਗਿਆ ਸੀ । ਪੂਰੇ 6 ਸਾਲ ਤੱਕ ਚੱਲੀ ਸੁਣਵਾਈ ਦੇ ਬਾਅਦ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਸੀ ।
ਸੋਮਵਾਰ ਨੂੰ ਲਾਹੌਰ ਹਾਈ ਕੋਰਟ ਦੇ ਜਸਟਿਸ ਸੈਯਦ ਮਜ਼ਹਰ ਅਲੀ ਅਕਬਰ ਨਕਵੀ, ਜਸਟਿਸ ਚੌਧਰੀ ਮਸੂਦ ਜਹਾਂਗੀਰ ਅਤੇ ਜਸਟਿਸ ਅਮੀਰ ਭੱਟੀ ਦੀ ਬੈਂਚ ਵੱਲੋਂ ਸਹਿਮਤੀ ਨਾਲ ਮੁਸ਼ੱਰਫ ਦੀ ਪਟੀਸ਼ਨ ‘ਤੇ ਇਹ ਫੈਸਲਾ ਸੁਣਾਇਆ ਗਿਆ ਹੈ । ਇਸ ਮਾਮਲੇ ਵਿੱਚ ਬੈਂਚ ਵੱਲੋਂ ਇਹ ਟਿੱਪਣੀ ਦਿੱਤੀ ਗਈ ਕਿ ਮੁਸ਼ੱਰਫ ਖਿਲਾਫ਼ ਦੇਸ਼ਧ੍ਰੋਹ ਦਾ ਕੇਸ ਕਾਨੂੰਨ ਦੀ ਨਜ਼ਰ ਵਿੱਚ ਠੀਕ ਢੰਗ ਨਾਲ ਤਿਆਰ ਨਹੀਂ ਸੀ ।
ਅਦਾਲਤ ਦੇ ਪਹਿਲਾਂ ਦੇ ਆਦੇਸ਼ ਦੇ ਤਹਿਤ ਵਧੀਕ ਅਟਾਰਨੀ ਜਨਰਲ ਇਸ਼ਤਿਆਕ ਏ ਖਾਨ ਨੇ ਫੈਡਰਲ ਸਰਕਾਰ ਵੱਲੋਂ ਸੋਮਵਾਰ ਨੂੰ ਪੇਸ਼ ਹੁੰਦੇ ਹੋਏ ਵਿਸ਼ੇਸ਼ ਅਦਾਲਤ ਦੇ ਗਠਨ ਨਾਲ ਸਬੰਧਤ ਰਿਕਾਰਡ ਪੇਸ਼ ਕੀਤੇ । ਉਨ੍ਹਾਂ ਦੱਸਿਆ ਕਿ ਮੁਸ਼ੱਰਫ ਖਿਲਾਫ਼ ਮਾਮਲਾ ਚਲਾਇਆ ਜਾਣਾ ਕਦੇ ਕਿਸੇ ਕੈਬਨਿਟ ਦੀ ਬੈਠਕ ਦੇ ਏਜੰਡੇ ਵਿੱਚ ਨਹੀਂ ਰਿਹਾ । ਦੱਸ ਦੇਈਏ ਕਿ ਜਨਰਲ ਮੁਸ਼ੱਰਫ਼ ਨੇ ਆਪਣੀ ਪਟੀਸ਼ਨ ਵਿੱਚ ਲਾਹੌਰ ਹਾਈ ਕੋਰਟ ਨੇ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੂੰ ਗ਼ੈਰ-ਕਾਨੂੰਨੀ, ਅਧਿਕਾਰ ਖੇਤਰ ਤੋਂ ਬਾਹਰ ਤੇ ਗ਼ੈਰ-ਸੰਵਿਧਾਨਕ ਕਰਾਰ ਦਿੰਦਿਆਂ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ।