38.23 F
New York, US
November 22, 2024
PreetNama
ਖੇਡ-ਜਗਤ/Sports News

ਲੇਡੀ ਪੇਲੇ ਦੇ ਨਾਂ ਨਾਲ ਮਸ਼ਹੂਰ ਹੋਈ ਡਾਸਿਲਵਾ ਮਾਰਤਾ

ਬ੍ਰਾਜ਼ੀਲ ਦੇਸ਼ ਦਾ ਦੂਜਾ ਨਾਂ ਹੀ ਫੁੱਟਬਾਲ ਹੈ। ਮੈਦਾਨ ’ਚ ਹਰ ਮੈਚ ’ਚ ਜ਼ਹਿਰਾਨਾ ਖੇਡ ਦਾ ਪ੍ਰਦਰਸ਼ਨ ਕਰਨ ਵਾਲੀ ਮਾਰਤਾ ਡਾਸਿਲਵਾ ਜਿੱਥੇ ਬ੍ਰਾਜ਼ੀਲ ਦੀ ਫੁੱਟਬਾਲ ਟੀਮ ਦੀ ਜ਼ਿੰਦ-ਜਾਨ ਹੈ, ਉੱਥੇ ਇਸ ਸਮੇਂ ਦੁਨੀਆ ਦੀ ਟਾਪਰ ਤੇ ਰੁਸਤਮ ਫੁੱਟਬਾਲਰ ਵੀ ਹੈ। ਉਸ ਨੇ ਪੰਜ ਆਲਮੀ ਫੁੱਟਬਾਲ ਮੁਕਾਬਲਿਆਂ ’ਚ 17 ਗੋਲ ਦਾਗਣ ਦਾ ਕਰਿਸ਼ਮਾ ਕੀਤਾ ਹੈ।

ਖੇਡ ਮੈਦਾਨ ’ਚ ਉਹ ਹਰ ਸਮੇਂ ਗੋਲ ਕਰਨ ਦੀ ਫਿਰਾਕ ’ਚ ਰਹਿੰਦੀ ਹੈ। ਇਸ ਕਰਕੇ ਕਹਿੰਦੀਆਂ- ਕਹਾਉਂਦੀਆਂ ਟੀਮਾਂ ਦੇ ਰੱਖਿਅਕ ਵੀ ਉਸ ਦੇ ਖੇਡ ਹਮਲਿਆਂ ਦੀ ਮਾਰ ਨਾ ਸਹਾਰਦੇ ਹੋਏ ਕਲੀਨ ਬੋਲਡ ਹੋਏ ਪਏ ਹਨ। ਹਰ ਸਮੇਂ ਉਸ ਦੇ ਖੇਡ ’ਚ ਜੋਸ਼ ਤੇ ਹੋਸ਼ ਦਾ ਸੁਮੇਲ ਰਹਿੰਦਾ ਹੈ। ਉਸ ਦੀ ਖੇਡ ਨਾਲ ਦਰਸ਼ਕ ਹੀ ਨਹੀਂ ਕੀਲੇ ਜਾਂਦੇ ਸਗੋਂ ਸਮਾਂ ਵੀ ਠਹਿਰ ਜਾਂਦਾ ਹੈ। ਲੰਮੇਰੀ ਖੇਡ ਵਾਟ ਤੈਅ ਕਰਨ ਵਾਲੀ ਇਸ ਹਮਲਾਵਰ ਫੁੱਟਬਾਲਰ ਨੇ ਆਪਣਾ ਖੇਡ ਸਫ਼ਰ ਅਜੇ ਵੀ ਜਾਰੀ ਰੱਖਿਆ ਹੋਇਆ ਹੈ।

ਆਲਮੀ ਫੁੱਟਬਾਲ ਕੱਪ ’ਚ ਸਿਰਜਿਆ ਇਤਿਹਾਸ

2019 ’ਚ ਵਿਸ਼ਵ ਫੱੁਟਬਾਲ ਕੱਪ ’ਚ ਬ੍ਰਾਜ਼ੀਲੀ ਮਹਿਲਾ ਟੀਮ ਦੀ ਕਪਤਾਨ ਮਾਰਤਾ ਨੇ 17ਵਾਂ ਗੋਲ ਸਕੋਰ ਕਰ ਕੇ ਇਤਿਹਾਸ ਸਿਰਜਿਆ। ਆਸਟਰੇਲੀਆ ਵਿਰੁੱਧ ਗੋਲ ਕਰ ਕੇ ਉਸ ਨੇ ਜਿੱਥੇ ਸੰਸਾਰ ਫੁੱਟਬਾਲ ਕੱਪ ’ਚ ਆਪਣੇ ਗੋਲਾਂ ਦੀ ਗਿਣਤੀ 16 ਕੀਤੀ, ਉੱਥੇ ਉਸ ਨੇ ਜਰਮਨੀ ਦੀ ਪੁਰਸ਼ ਟੀਮ ਦੇ ਸਟਰਾਈਕਰ ਮਿਰੋਸਲਾਵ ਕਲੋਜ਼ੇ ਵੱਲੋਂ ਆਲਮੀ ਫੁੱਟਬਾਲ ਕੱਪ ’ਚ ਸਕੋਰ ਕੀਤੇ ਰਿਕਾਰਡ 16 ਗੋਲਾਂ ਨਾਲ ਬਰਾਬਰੀ ਕੀਤੀ।

ਉਹ ਹੁਣ ਤਕ ਦੀ ਖੇਡ ਪਾਰੀ ’ਚ 154 ਆਲਮੀ ਮੈਚਾਂ ’ਚ 108 ਗੋਲ ਕਰਨ ਦਾ ਕਰਿਸ਼ਮਾ ਕਰ ਚੁੱਕੀ ਹੈ। ਉਸ ਨੇ

ਆਪਣੀ ਪੇਸ਼ੇਵਾਰਾਨਾ ਪਾਰੀ ’ਚ ਵੱਖ-ਵੱਖ ਮਹਿਲਾ ਫੁੱਟਬਾਲ ਕਲੱਬ ਟੀਮਾਂ ਨਾਲ ਖੇਡੇ 376 ਮੈਚਾਂ ’ਚ 282 ਗੋਲਾਂ ਸਕੋਰਲਾਈਨ ਸਿਰਜਣ ਦਾ ਕਾਰਨਾਮਾ ਕੀਤਾ।

ਨਿਆਣੀ ਉਮਰੇ ਹੀ ਲੱਗ ਪਈ ਸੀ ਖੇਡਣ

ਆਪਣੇ ਮੈਦਾਨ ਦੇ ਮੈਟ ’ਤੇ ਜੀਅ-ਜਾਨ ਨਾਲ ਫੁੱਟਬਾਲ ਦੀ ਲੰਮੀ ਖੇਡ ਪਾਰੀ ਖੇਡਣ ਵਾਲੀ ਮਾਰਤਾ ਡਾਸਿਲਵਾ ਦਾ ਜਨਮ 19 ਫਰਵਰੀ, 1986 ਨੂੰ ਅਲੈਗੋਸ ਦੇ ਕਸਬੇ ਡੋਇਜ਼ ਰਿਚੋਜ਼ ’ਚ ਹੋਇਆ। ਨਿਆਣੀ ਉਮਰੇ ਮੁੱਢਲੀ ਫੁੱਟਬਾਲ ਕੋਚ ਹਿਲੇਨਾ ਪਚੀਸਕੋ ਨੇ ਉੁਸ ਦੀ ਫੱੁਟਬਾਲ ਖੇਡਣ ਦੀ ਕਲਾ ਨੂੰ ਪਛਾਣ ਕੇ ਫੁੱਟਬਾਲ ਖੇਡਣ ਲਈ ਖੇਡ ਮੈਦਾਨ ਦੀ ਡਗਰ ’ਤੇ ਤੋਰਿਆ।

14 ਸਾਲ ਦੀ ਉਮਰ ’ਚ 2000 ’ਚ ਡਾਸਿਲਵਾ ਮਾਰਤਾ ਨੇ ਰੀਓ ਡੀ ਜਨੇਰੀਓ ਦੇ ਵਾਸਕੋ-ਡੇ-ਗਾਮਾ ਫੁੱਟਬਾਲ ਕਲੱਬ ਨਾਲ

ਖੇਡ ਨਾਤਾ ਗੰਢ ਕੇ ਪ੍ਰੋਫੈਸ਼ਨਲ ਫੁੱਟਬਾਲ ਖੇਡਣ ਦੀ ਸ਼ੁਰੂਆਤ ਕੀਤੀ ਤੇ 2002 ਦੇ ਫੁੱਟਬਾਲ ਸੀਜ਼ਨਾਂ ਤਕ ਇਸ ਕਲੱਬ ਨਾਲ ਖੇਡ ਯਾਰੀ ਨਿਭਾਈ। 2002 ’ਚ ਉਸ ਨੇ ਸ਼ਾਂਤਾ ਕਰੂਜ਼ ਘਰੇਲੂ ਫੁੱਟਬਾਲ ਕਲੱਬ ਨਾਲ ਖੇਡ ਯਾਰਾਨਾ ਗੰਢਿਆ ਤੇ 2004 ਤਕ ਘਰੋਗੀ ਫੁੱਟਬਾਲ ਕਲੱਬ ਲਈ ਜ਼ੋਰਦਾਰ ਫੁੱਟਬਾਲ ਦੀ ਪਾਰੀ ਖੇਡਦਿਆਂ 38 ਮੈਚਾਂ ’ਚ 16 ਗੋਲ ਕਰਨ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ। 2004-05 ਦੇ ਖੇਡ ਸੀਜ਼ਨ ’ਚ ਉਸ ਨੇ ਕਲੱਬ ਟੀਮ ਲਈ 21 ਗੋਲ ਕਰ ਕੇ ਆਲਮੀ ਫੁੱਟਬਾਲ ਦੇ ਹਲਕਿਆਂ ਨੂੰ ਸੁੰਨ ਕਰ ਦਿੱਤਾ। 2005-06 ਦੇ ਫੁੱਟਬਾਲ ਸੀਜ਼ਨਾਂ ’ਚ ਆਰ. ਕੇ. ਯੂਮੀਏ ਦੀ ਕਲੱਬ ਟੀਮ ਲਗਾਤਾਰ ਦੋ ਵਾਰ ਉਪ ਜੇਤੂ ਬਣਨ ਤੋਂ ਬਾਅਦ ਤੀਜੇ ਅਡੀਸ਼ਨ ’ਚ ਿਕੋਪਿੰਗਸ ਕਲੱਬ ਦੀ ਟੀਮ ਨੂੰ ਫਾਈਨਲ ’ਚ 3-2 ਗੋਲ ਨਾਲ ਹਰਾ ਕੇ ਯੂ. ਈ. ਐੱਫ. ਏ. ਫੁੱਟਬਾਲ ਕੱਪ ਜਿੱਤ ਕੇ ਪਹਿਲੀ ਵਾਰ ਲੀਗ ਦੀ ਚੈਂਪੀਅਨ ਬਣੀ। ਉਸ ਨੇ 21 ਗੋਲ ਕਰਨ ਸਦਕਾ ਫੁੱਟਬਾਲ ਲੀਗ ਦਾ ‘ਟਾਪ ਸਕੋਰਰ’ ਬਣਨ ਦਾ ਖੇਡ ਰੁਤਬਾ ਹਾਸਲ ਕੀਤਾ।

ਮਾਰਤਾ ਦੇ ਕਲੱੱਬ ਦੀ ਟੀਮ ਨੇ ਕੋਲਬੋਟਨ ਐੱਫ. ਕੇ. ਕਲੱਬ ਦੀ ਟੀਮ ਨੂੰ ਹਰਾਉਣ ਦੇ ਨਾਲ-ਨਾਲ ਨੋਰਵੇਗੇਨ ਫੱੁਟਬਾਲ ਕਲੱਬ ਟੀਮ ਨੂੰ 11-1 ਗੋਲਾਂ ਨਾਲ ਮਾਤ ਦਿੱਤੀ। ਦੋਵੇਂ ਮੈਚਾਂ ’ਚ ਮਾਰਤਾ ਨੇ ਦੋ-ਦੋ ਗੋਲ ਦਾਗੇ। ਫਾਈਨਲ ’ਚ ਦਾਗਿਆ ਗਿਆ ਇਕ ਮਾਤਰ ਗੋਲ ਵੀ ਮਾਰਤਾ ਦੇ ਬੂਟ ’ਚੋਂ ਹੀ ਨਿਕਲਿਆ।

2003 ਤੋਂ 2008 ਤਕ ਯੂਮੀਏ ਆਈ.ਕੇ. ਫੁੱਟਬਾਲ ਕਲੱਬ ਵੱਲੋਂ 103 ਮੈਚਾਂ ਦੀ ਲੰਮੀ ਖੇਡ ਪਾਰੀ ਖੇਡਦਿਆਂ ਉਸ ਨੇ ਵਿਰੋਧੀ ਫੁੱਟਬਾਲ ਕਲੱਬਜ਼ ਦੀਆਂ ਟੀਮਾਂ ਦਾ ਮੱਕੂ ਠੱਪਦਿਆਂ 111 ਗੋਲ ਕਰ ਕੇ ਆਪਣੀ ਬੱਲੇ-ਬੱਲੇ ਕਰਵਾਈ।

ਹਾਸਲ ਕੀਤੀਆਂ ਕਈ ਮਾਣਮੱਤੀਆਂ ਪ੍ਰਾਪਤੀਆਂ

2009 ’ਚ ਮਾਰਤਾ ਡਾਸਿਲਵਾ ਨੂੰ ਲਾਸ ਏਂਜਲਸ ਸੋਲ ਵੱਲੋਂ ਤਿੰਨ ਸਾਲ ਦਾ ਖੇਡ ਕੰਟਰੈਕਟ ਕਰ ਕੇ ‘ਵਿਮੈਨ ਪ੍ਰੋਫੈਸ਼ਨਲ ਸੌਕਰ’ ਦੀ ਟੀਮ ਵੱਲੋਂ ਖੇਡਣ ਦਾ ਮੌਕਾ ਨਸੀਬ ਹੋਇਆ। ਸੋਲ ਦੀ ਟੀਮ ਨੂੰ ਫਾਈਨਲ ਖੇਡਣ ਤਕ ਦਾ ਸਫ਼ਰ ਤੈਅ ਕਰਵਾਉਣ ਵਾਲੀ ਮਾਰਤਾ ਨੇ ਲਾਸ ਏਂਜਲਸ ਸੋਲ ਫੱੁਟਬਾਲ ਕਲੱਬ ਦੇ ਆਫ ਖੇਡ ਸੀਜ਼ਨ ਦੌਰਾਨ ਬ੍ਰਾਜ਼ੀਲ ਦੇ ਫੁੱਟਬਾਲ ਕਲੱਬ ‘ਸਾਂਤੋਸ’ ਨਾਲ ‘ਕੋਪਾ ਲੀਬਰਟਰਡੋਰਸ’ ਅਤੇ ‘ਕੋਪਾ ਡੂ ਬ੍ਰਾਜ਼ੀਲ’ ਦੇ ਦੋ ਫੁੱਟਬਾਲ ਮੁਕਾਬਲੇ ਖੇਡਣ ਦਾ ਤਿੰਨ ਮਹੀਨਿਆਂ ਦਾ ਖੇਡ ਸਮਝੌਤਾ ਕਰ ਕੇ ਲੋਕਲ ਕਲੱਬ ਦੀ ਟੀਮ ਨੂੰ ਫਾਈਨਲ ਖੇਡਣ ਦੇ ਦਰ ’ਤੇ ਪਹੁੰਚਾਇਆ। ਦੋਵੇਂ ਮੁਕਾਬਲਿਆਂ ਦੇ ਫਾਈਨਲ ’ਚ ਮਾਰਤਾ ਨੇ ਕੋਪਾ ਲੀਬਰਟਡੋਰੇਸ ਦੀ ਟੀਮ ਲਈ ਇਕ ਅਤੇ ਕੋਪਾ ਡੂ ਬ੍ਰਾਜ਼ੀਲ ਦੀ ਟੀਮ ਲਈ ਦੋ ਗੋਲ ਕਰ ਕੇ ਆਪਣੀ ਖੇਡ ਨੂੰ ਆਂਚ ਨਹੀਂ ਆਉਣ ਦਿੱਤੀ।

2010 ’ਚ ਮਾਰਤਾ ਨੇ ‘ਐੱਫ. ਸੀ. ਗੋਲਡ ਪਰਾਈਡ’ ਡਬਲਿਊ ਪੀ. ਐੱਸ. ਫੱੁਟਬਾਲ ਲੀਗ ਖੇਡਣ ਲਈ ਸਹੀ ਪਾਈ। ਲੀਗ ਦੇ ਸਾਰੇ 24 ਮੈਚਾਂ ’ਚ ਮਾਰਤਾ ਨੇ 19 ਗੋਲ ਕਰ ਕੇ ਆਪਣੀ ਗੋਲ ਕਰਨ ਦੀ ਮੁਹਿੰਮ ਨੂੰ ਜਾਰੀ ਰੱਖਿਆ। ਐੱਫ. ਸੀ. ਕਲੱਬ ਟੀਮ ਨੂੰ ਲੀਗ ਦਾ ਚੈਂਪੀਅਨ ਬਣਾਉਣ ਵਾਲੀ ਮਾਰਤਾ ਨੂੰ ਫੁੱਟਬਾਲ ਲੀਗ ਦਾ ‘ਗੋਲਡਨ ਬੂਟ’ ਮਿਲਣ ਦੇ ਨਾਲ ਡਬਲਿਊ. ਪੀ. ਐੱਸ. ਲੀਗ ਦੀ ‘ਆਲ ਫੁੱਟਬਾਲ ਸਟਾਰ’ ਟੀਮ ਦੀ ਕਪਤਾਨ ਨਾਮਜ਼ਦ ਹੋਣ ਦਾ ਵੱਡਾ ਮਾਣ ਵੀ ਮਿਲਿਆ। ਦਸੰਬਰ 2010 ’ਚ ਡਾਸਿਲਵਾ ਮਾਰਤਾ ਨੇ ਮੁੜ ਤੋੋਂ ਸਾਂਤੋਸ ਫੁੱਟਬਾਲ ਕਲੱਬ ਵੱਲੋਂ ‘ਕੋਪਾ ਲੀਬਰਟਡੋਰੇਸ’ ਤੇ ‘ਕੋਪਾ ਡੂ ਬ੍ਰਾਜ਼ੀਲ’ ਖੇਡ ਕੇ ਆਪਣੇ ਖੇਡ ਸਫ਼ਰ ’ਚ ਵਾਧਾ ਕੀਤਾ।

ਜਨਵਰੀ 2011 ’ਚ ਮਾਰਤਾ ਨੇ ਡਬਲਿਊ. ਪੀ. ਐੱਸ. ਕਲੱਬ ਵੱਲੋਂ ਸਪਾਂਸਰ ਬਦਲਣ ਕਰਕੇ ਨਵੇਂ ਨਾਂ ‘ਵੈਸਟਰਨ ਨਿਊਯਾਰਕ ਫਲਾਸ’ ਫੁੱਟਬਾਲ ਕਲੱਬ ਦੀ ਟੀਮ ਵੱਲੋਂ ਤਿੰਨ ਸਾਲ ਖੇਡਣ ਦਾ ਕਰਾਰ ਸਿਰੇ ਚੜ੍ਹਾਇਆ। ਮਾਰਤਾ ਨੇ 2011 ਦੇ ਲੀਗ ਅਡੀਸ਼ਨ ’ਚ ਆਪਣੇ ਕਲੱਬ ਦੀ ਟੀਮ ਨੂੰ ਚੈਂਪੀਅਨ ਬਣਾਉਣ ’ਚ

ਕੋਈ ਕਸਰ ਬਾਕੀ ਨਹੀਂ ਛੱਡੀ। ਫਾਈਨਲ ’ਚ ਮਾਰਤਾ ਨੇ ਗੋਲ ਕਰ ਕੇ ਲੀਗ ’ਚ ਆਪਣੇ ਖਾਤੇ ’ਚ 10ਵਾਂ ਗੋਲ ਦਰਜ ਕੀਤਾ।

ਐਟਲਾਂਟਾ ਫੁੱਟਬਾਲ ਕਲੱਬ ਨੂੰ 2-0 ਨਾਲ ਹਰਾਉਣ ’ਚ ਮੋਹਰੀ ਖੇਡ ਭੂਮਿਕਾ ਨਿਭਾਉਣ ਵਾਲੀ ਮਾਰਤਾ ਨੂੰ ‘ਪਿਓਮਾ ਗੋਲਡਨ ਬੂਟ ਅਵਾਰਡ’ ਦੂਜੀ ਵਾਰ ਹਾਸਲ ਹੋਇਆ। 22 ਫਰਵਰੀ 2012 ’ਚ ਮਾਰਤਾ ਨੂੰ ਸਵੀਡਨ ਦੇ ‘ਟਾਇਰਸੋ ਐੱਫ. ਐੱਫ. ਫੱੁਟਬਾਲ ਕਲੱਬ’ ਵੱਲੋਂ ਮੰੂਹ ਮੰਗੀ ਖੇਡ ਫੀਸ ਲੈ ਕੇ ਦੋ ਸਾਲ ਦਾ ਖੇਡ ਐਗਰੀਮੈਂਟ ਕਰ ਕੇ ਆਪਣੇ ਪੁਰਾਣੇ ਡਬਲਿਊ. ਪੀ. ਐੱਸ. ਕਲੱਬ ਨਾਲੋਂ ਖੇਡ ਨਾਤਾ ਤੋੜਨ ਲਈ ਮਜਬੂਰ ਹੋਣਾ ਪਿਆ।

2014 ਤੋਂ ਨਵੇਂ ਫੁੱਟਬਾਲ ਕਲੱਬ ਰੋਜ਼ਨਗਾਰਡ ਨਾਲ ਕੰਟਰੈਕਟ ਸਾਈਨ ਕਰਨ ਵਾਲੀ ਮਾਰਤਾ ਨੇ ਕਲੱਬ ਟੀਮ ਵੱਲੋਂ ਖੇਡੇ 43 ਮੈਚਾਂ ’ਚ ਫੁੱਟਬਾਲ ਨੂੰ 23 ਵਾਰ ਗੋਲ ਦਾ ਰਸਤਾ ਵਿਖਾਇਆ ਹੈ। ਆਪਣੇ ਪਸੰਦੀਦਾ ਕਰੰਟ ਓਰਲੈਂਡੋ ਪਰਾਈਡ ਐੱਫਸੀ ਦਾ 2017 ’ਚ ਪੱਲਾ ਫੜਨ ਵਾਲੀ ਮਾਰਤਾ ਨੇ 55 ਮੈਚਾਂ ’ਚ 23 ਗੋਲ ਦਾਗੇ ਹਨ।

ਝੋਲੀ ਪਏ ਕਈ ਮਾਣ-ਸਨਮਾਨ

ਫੁੱਟਬਾਲ ਮੈਦਾਨ ’ਚ ਬੇਮਿਸਾਲ ਫੁੱਟਬਾਲ ਦੀਵਾਨਗੀ ਦਾ ਮੁਜ਼ਾਹਰਾ ਕਰਨ ਵਾਲੀ ਮਾਰਤਾ ਨੇ ਬ੍ਰਾਜ਼ੀਲ ਦੀ ਸੀਨੀਅਰ ਮਹਿਲਾ ਟੀਮ ਵੱਲੋਂ ਚੀਨ-2007 ’ਚ ‘ਫੀਫਾ ਫੁੱਟਬਾਲ ਵਿਸ਼ਵ ਕੱਪ’ ਖੇਡਿਆ। ਬ੍ਰਾਜ਼ੀਲ ਦੀ

ਟੀਮ ਭਾਵੇਂ ਫਾਈਨਲ ਮੈਚ ’ਚ ਜਰਮਨੀ ਦੀਆਂ ਮਹਿਲਾ ਫੁੱਟਬਾਲਰਾਂ ਤੋਂ ਮਾਤ ਖਾ ਕੇ ਉਪ-ਜੇਤੂ ਦੇ ਪਾਏਦਾਨ ਉੱਪਰ ਖਿਸਕ ਗਈ ਪਰ ਟੂਰਨਾਮੈਂਟ 7 ਗੋਲ ਦਾਗ ਕੇ ‘ਟਾਪ ਸਕੋਰਰ’ ਬਣਨ ਸਦਕਾ ਮਾਰਤਾ ਦੀ ਪੂਰੇ ਖੇਡ ਮੁਕਾਬਲੇ ’ਚ ਝੰਡੀ ਰਹੀ।

ਫੀਫਾ ਦੀ ਖੇਡ ਜਿਊਰੀ ਵੱਲੋਂ ਮਾਰਤਾ ਨੂੰ ਟਾਪ ਸਕੋਰਰ ਬਣਨ ਕਰਕੇ ‘ਗੋਲਡਨ ਬਾਲ’ ਤੇ ‘ਪਲੇਅਰ ਆਫ ਦਾ ਟੂਰਨਾਮੈਂਟ’ ਦੇ ਦੋਹਰੇ ਫੁੱਟਬਾਲ ਖਿਤਾਬਾਂ ਨਾਲ ਸਨਮਾਨਿਆ ਗਿਆ। ਬੀਜਿੰਗ-2008 ਓਲੰਪਿਕ ਫੁੱਟਬਾਲ ’ਚ ਮਾਰਤਾ ਡਾਸਿਲਵਾ ਬ੍ਰਾਜ਼ੀਲ ਦੇ ਫੁੱਟਬਾਲ ਹਮਦਰਦਾਂ ਦੇ ਓਲੰਪਿਕ ਫੁੱਟਬਾਲ ਚੈਂਪੀਅਨ ਬਣਨ ਦੇ ਸੁਪਨੇ ਨੂੰ ਸੱਚ ’ਚ ਨਾ ਬਦਲ ਸਕੀ।

ਬ੍ਰਾਜ਼ੀਲ ਦੀ ਸੁਪਨਮਈ ਕਹੀ ਜਾਣ ਮਹਿਲਾ ਟੀਮ ਅਮਰੀਕਾ ਤੋਂ ਫਾਈਨਲ ਹਾਰ ਕੇ ਸਿਲਵਰ ਮੈਡਲ ਜੇਤੂ ਹੀ ਬਣ ਸਕੀ। ‘ਫੀਫਾ-2011 ਸੰਸਾਰ ਫੁਟਬਾਲ ਕੱਪ’ ਦੌਰਾਨ ਜਿੱਥੇ 4 ਗੋਲ ਦਾਗਣ ਸਦਕਾ ਮਾਰਤਾ ਨੂੰ ਖੇਡ ਪ੍ਰਬੰਧਕਾਂ ਵੱਲੋਂ ‘ਸਿਲਵਰ ਬਾਲ’ ਦਿੱਤਾ ਗਿਆ, ਉੱਥੇ ਉਸ ਨੂੰ ‘ਆਲ ਸਟਾਰ ਮਹਿਲਾ ਵਿਸ਼ਵ ਇਲੈਵਨ ਫੱੁਟਬਾਲ ਟੀਮ’ ਲਈ ਵੀ ਚੁਣਿਆ ਗਿਆ। ਫੀਫਾ ਵੱਲੋਂ ਉਸ ਨੂੰ ਜੀਵਨ ਭਰ ਲਈ ‘ਆਲ ਟਾਈਮ ਰਿਕਾਰਡ ਗੋਲ ਸਕੋਰਰ-17’ ਦਾ ਖੇਡ ਰੁਤਬਾ ਵੀ ਬਖ਼ਸ਼ਿਆ ਗਿਆ।

ਆਪਣੀ ਖੇਡ ਨਾਲ ਪੂਰੇ ਸੰਸਾਰ ਨੂੰ ਚਕਾਚੌਂਧ ਕਰਨ ਵਾਲੀ ਮਾਰਤਾ ਨੂੰ ਫੀਫਾ ਵੱਲੋਂ 2006, 2007, 2008, 2009, 2010 ਤੇ 2018 ’ਚ ਛੇ ਵਾਰ ‘ਮਹਿਲਾ ਫੁੱਟਬਾਲ ਪਲੇਅਰ ਆਫ ਦਾ ਈਅਰ’ ਅਤੇ ਚਾਰ ਵਾਰ 2005, 2011, 2012 ਤੇ 2014 ’ਚ ‘ਰਨਰਅੱਪ ਮਹਿਲਾ ਫੁੱਟਬਾਲ ਪਲੇਅਰ ਆਫ ਦਾ ਈਅਰ’ ਦੇ ਵੱਡੇ ਖੇਡ ਸਨਮਾਨ ਦਿੱਤੇ ਗਏ।

ਫੀਫਾ ਦੀ ਸਿਫ਼ਾਰਸ਼ ’ਤੇ ਮਾਰਤਾ ਡਾਸਿਲਵਾ ਨੂੰ ਯੂ. ਐੱਨ. ਦਾ ‘ਗੁੱਡਵਿਲ ਅੰਬੈਸਡਰ’ ਬਣਨ ਦਾ ਮਾਣ ਹਾਸਲ ਹੋਇਆ। ‘ਸਨ ਜੋਸ’ ਦੀ ਪੱਕੀ ਵਸਨੀਕ ਮਾਰਤਾ ਨੂੰ ਸਵੀਡਨ ਦੇ ਫੁੱਟਬਾਲ ਕਲੱਬਾਂ ਵੱਲੋਂ ਖੇਡਣ ਕਰਕੇ ਫਰਾਟੇਦਾਰ ਸਵੀਡਿਸ਼ ਭਾਸ਼ਾ ਬੋਲਣ ’ਚ ਮੁਹਾਰਤ ਹਾਸਲ ਹੈ, ਜਿਸ ਸਦਕਾ ਸਵੀਡਨ ਦੇ ਫੁੱਟਬਾਲ

ਦੀਵਾਨੇ ਉਸ ਨੂੰ ਬ੍ਰਾਜ਼ੀਲ ਦਾ ਨਹੀਂ ਸਗੋਂ ਆਪਣੇ ਦੇਸ਼ ਦਾ ਨਾਗਰਿਕ ਮੰਨਦੇ ਹਨ।

ਆਲਮੀ ਫੁੱਟਬਾਲ ’ਚ ਬਣਾਈ ਵਿਲੱਖਣ ਪਛਾਣ

17 ਸਾਲ ਦੀ ਨਿਆਣੀ ਉਮਰ ’ਚ ਡਾਸਿਲਵਾ ਮਾਰਤਾ ਨੇ ਜਿੱਥੇ ਅੰਡਰ-19 ਉਮਰ ਦੀ ਫੁੱਟਬਾਲ ਟੀਮ ਨਾਲ ‘ਫੀਫਾ-19 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ’ ਖੇਡੀ, ਉੱਥੇ ਸੀਨੀਅਰ ਟੀਮ ਨੂੰ ‘ਏਥਨਜ਼-2004 ਓਲੰਪਿਕ ਫੁੱਟਬਾਲ’ ’ਚ ਚਾਂਦੀ ਦਾ ਤਮਗਾ ਜਿਤਾ ਕੇ ਨਵਾਂ ਖੇਡ ਇਤਿਹਾਸ ਸਿਰਜਿਆ। ਅੰਡਰ-19 ਫੀਫਾ ਟੂਰਨਾਮੈਂਟ ’ਚ ਆਪਣੀ ਖੇਡ ਦੇ ਦਮ-ਖਮ ’ਤੇ ਵਿਰੋਧੀ ਟੀਮਾਂ ਨੂੰ ਖੁੱਡੇ ਲਾਉਣ ਵਾਲੀ ਮਾਰਤਾ ਨੂੰ ਫੀਫਾ ਦੇ ਖੇਡ ਜੱਜਾਂ ਨੇ ‘ਗੋਲਡਨ ਬਾਲ’ ਦਾ ਹੱਕਦਾਰ ਬਣਾਇਆ। ਸ਼ੁਰੂਆਤੀ ਖੇਡ ਕਰੀਅਰ ਦੇ ਪਹਿਲੇ ਹੱਲੇ ਹੀ ਖੇਡ ਮਾਹਿਰਾਂ ਨੇ ਉਸ ਦੀ ਤੁਲਨਾ ਕੁੱਲ ਆਲਮ ਦੀ ਫੁੱਟਬਾਲ ’ਚ ‘ਬ੍ਰਾਜ਼ੀਲ ਦਾ ਕਾਲਾ ਮੋਤੀ’ ਕਹੇ ਜਾਣ ਵਾਲੇ ਦੁਨੀਆ ਦੀ ਫੱੁਟਬਾਲ ਦੇ ਬਾਦਸ਼ਾਹ ਪੇਲੇ ਨਾਲ ਕਰ ਦਿੱਤੀ। ਦੁਨੀਆ ਦੇ ਮਹਾਨ ਫੁੱਟਬਾਲਰ ਪੇਲੇ ਨੇ ਵੀ ਉਸ ਨੂੰ ਬ੍ਰਾਜ਼ੀਲ ਦੀ ਮਹਿਲਾ ਫੁਟਬਾਲ ਦਾ ਭਵਿੱਖ ਕਹਿ ਕੇ ਵਡਿਆਇਆ। ਇਸ ਤੋਂ ਬਾਅਦ ਉਸ ਨੇ ਅਮਰੀਕਨ ਕਲੱਬ ਦੀ ਪਹਿਲੇ ਹੀ ਖੇਡ ਸੀਜ਼ਨ ’ਚ ‘ਟਾਪ ਸਕੋਰਰ’ ਬਣਨ ਦਾ ਵੱਡਾ ਹੰਭਲਾ ਮਾਰਿਆ।

Related posts

ਖੇਡ ਮੈਦਾਨ ਤੋਂ ਅਪਰਾਧ ਦੀ ਦਲਦਲ ਤਕ

On Punjab

KKR vs RR: ਰਾਜਸਥਾਨ ਰਾਇਲ-ਕੋਲਕਾਤਾ ਨਾਈਟ ਰਾਈਡਰ ਦੀਆਂ ਟੀਮਾਂ ਇਸ ਪਲੇਅ ਇਲੈਵਨ ਨਾਲ ਉਤਰ ਸਕਦੀਆਂ ਹਨ ਮੈਦਾਨ ‘ਚ

On Punjab

ICC Test Rankings ‘ਚ ਭਾਰਤੀ ਟੀਮ ਦਾ ਜਲਵਾ, ਮੁੜ ਹਾਸਲ ਕੀਤੀ ਨੰਬਰ ਵਨ ਦੀ ਕੁਰਸੀ

On Punjab