ਅਸਲ ਕੰਟਰੋਲ ਲਾਈਨ (ਐੱਲਏਸੀ) ‘ਤੇ ਚੀਨ ਨਾਲ ਜਾਰੀ ਤਣਾਅ ਦਰਮਿਆਨ ਲੱਦਾਖ ਦੀ ਰਾਜਧਾਨੀ ਲੇਹ ‘ਚ ਸ਼ਨੀਵਾਰ ਨੂੰ ਇਕ ਉੱਚੀ ਪਹਾੜੀ ‘ਤੇ ਵਿਸ਼ਾਲ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਖਾਦੀ ਦਾ ਰਾਸ਼ਟਰੀ ਝੰਡਾ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ 225 ਫੁੱਟ ਲੰਬੇ ਤੇ 150 ਫੁੱਟ ਚੌੜੇ ਇਸ ਰਾਸ਼ਟਰੀ ਝੰਡੇ ਦਾ ਵਜ਼ਨ ਇਕ ਟਨ ਦੇ ਕਰੀਬ ਹੈ। ਇਸ ਨੂੰ ਬਣਾਉਣ ‘ਚ ਲਗਭਗ ਡੇਢ ਮਹੀਨੇ ਦਾ ਸਮਾਂ ਲੱਗਾ ਹੈ। ਸ਼ਨੀਰਵਾਰ ਨੂੰ ਲੱਦਾਖ ਦੇ ਉਪ ਰਾਜਪਾਲ ਆਰ ਕੇ ਮਾਥੁਰ ਨੇ ਰਾਸ਼ਟਰੀ ਝੰਡੇ ਦਾ ਉਦਘਾਟਨ ਕੀਤਾ। ਇਸ ਮੌਕੇ ਫ਼ੌਜ ਮੁਖੀ ਐੱਮਐੱਸ ਨਰਵਣੇ ਵੀ ਮੌਜੂਦ ਰਹੇ।
ਲੱਦਾਖ ਨੇ ਖਾਦੀ ਦਾ ਰਾਸ਼ਟਰੀ ਝੰਡਾ ਲਹਿਰਾ ਕੇ ਗਾਂਧੀ ਜੈਅੰਤੀ ਨੂੰ ਵੀ ਯਾਦਗਾਰ ਬਣਾ ਦਿੱਤਾ। ਲੇਹ ‘ਚ ਜਿਵੇਂ ਹੀ ਰਾਸ਼ਟਰੀ ਝੰਡੇ ਨੂੰ ਲਹਿਰਾਇਆ ਗਿਆ, ਸਮਾਰੋਹ ਵਾਲੀ ਥਾਂ ਭਾਰਤ ਮਾਤਾ ਕੀ ਜੈ ਦੇ ਨਾਅਰਿਆਂ ਨਾਲ ਗੂੰਝ ਉੱਠੀ। ਫ਼ੌਜ ਦੇ ਜਵਾਨਾਂ ਨੇ ਉਪ ਰਾਜਪਾਲ ਤੇ ਫ਼ੌਜ ਮੁਖੀ ਨਾਲ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਲੱਦਾਖ ‘ਚ ਭਾਰਤ-ਚੀਨ ਸਰਹੱਦ ‘ਤੇ ਦੁਸ਼ਮਣਾਂ ਦੀ ਹਰ ਨਾਪਾਕ ਸਾਜ਼ਿਸ਼ ਨੂੰ ਨਾਕਾਮ ਬਣਾ ਰਹੀ ਭਾਰਤੀ ਹਵਾਈ ਫ਼ੌਜ ਨੇ ਵੀ ਆਪਣੇ ਹੈਲੀਕਾਪਟਰਾਂ ਨਾਲ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਹ ਨਜ਼ਾਰਾ ਦੇਖਣ ਵਾਲਾ ਸੀ। ਰਾਸ਼ਟਰੀ ਝੰਡਾ ਦੇਸ਼ ਭਗਤੀ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।
ਖਾਦੀ ਦਾ ਰਾਸ਼ਟਰੀ ਝੰਡਾ ਬਣਾਉਣ ਵਾਲੇ ਖਾਦੀ ਡਾਇਰਜ਼ ਐਂਡ ਪਿ੍ਰੰਟਰਜ਼, ਮੁੰਬਈ ਦੇ ਡੀਐੱਨ ਭੱਟ ਨੇ ਦੱਸਿਆ ਕਿ ਤਿਰੰਗਾ ਬਣਾਉਣ ਲਈ ਉਨ੍ਹਾਂ ਨੂੰ ਵਾਧੂ ਕਲਾਕਾਰਾਂ ਨੂੰ ਕੰਮ ‘ਤੇ ਰੱਖਣਾ ਪਿਆ। ਇਸ ਨੂੰ ਬਣਾਉਣਾ ਮੁਸ਼ਕਿਲ ਸੀ ਤੇ ਬਣਨ ਤੋਂ ਬਾਅਦ ਇਹ ਬੇਹੱਦ ਭਾਰੀ ਵੀ ਸੀ। ਅਸੀਂ ਤੈਅ ਸਮੇਂ ‘ਚ ਝੰਡਾ ਤਿਆਰ ਕਰ ਲਿਆ ਤੇ ਫ਼ੌਜ ਨੂੰ ਸੌਂਪ ਦਿੱਤਾ। ਇਹ ਰਾਸ਼ਟਰੀ ਝੰਡਾ ਸਾਰਿਆਂ ਲਈ ਮਾਣ ਦੇ ਨਾਲ-ਨਾਲ ਖਿੱਚ ਦਾ ਕੇਂਦਰ ਵੀ ਬਣ ਗਿਆ ਹੈ।