Manoj Mukund Naravane Army chief: ਨਵੀਂ ਦਿੱਲੀ: ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਾਵਨੇ ਮੰਗਲਵਾਰ ਯਾਨੀ ਕਿ ਅੱਜ ਜਨਰਲ ਬਿਪਿਨ ਰਾਵਤ ਤੋਂ ਭਾਰਤੀ ਥਲ ਸੈਨਾ ਮੁਖੀ ਦਾ ਕਾਰਜ-ਭਾਰ ਲੈਣਗੇ । ਦਰਅਸਲ, ਜਨਰਲ ਰਾਵਤ ਨੂੰ ਭਾਰਤ ਦਾ ਪਹਿਲਾ ਚੀਫ਼ ਆੱਫ਼ ਡਿਫ਼ੈਂਸ ਸਟਾਫ਼ (CDS) ਨਿਯੁਕਤ ਕੀਤਾ ਗਿਆ ਹੈ । ਜਨਰਲ ਰਾਵਤ ਤਿੰਨ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਅੱਜ ਸੇਵਾਮੁਕਤ ਹੋ ਰਹੇ ਹਨ । ਦੱਸ ਦੇਈਏ ਕਿ ਲੈਫ਼ਟੀਨੈਂਟ ਜਨਰਲ ਨਰਾਵਨੇ ਇਸ ਵੇਲੇ ਥਲ ਸੈਨਾ ਦੇ ਉੱਪ-ਮੁਖੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ ।
ਜ਼ਿਕਰਯੋਗ ਹੈ ਕਿ ਬੀਤੇ ਸਤੰਬਰ ਮਹੀਨੇ ਉੱਪ-ਸੈਨਾ ਮੁਖੀ ਵਜੋਂ ਕੰਮ ਸੰਭਾਨਣ ਤੋਂ ਪਹਿਲਾਂ ਨਰਾਵਨੇ ਫ਼ੌਜ ਦੀ ਪੂਰਬੀ ਕਮਾਂਡ ਦੀ ਅਗਵਾਈ ਕਰ ਰਹੇ ਸਨ, ਜੋ ਚੀਨ ਨਾਲ ਲੱਗਣ ਵਾਲੀ ਲਗਭਗ 4,000 ਕਿਲੋਮੀਟਰ ਲੰਮੀ ਭਾਰਤੀ ਸਰਹੱਦ ‘ਤੇ ਨਜ਼ਰ ਰੱਖਦੀ ਹੈ । ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਲੈਫ਼ਟੀਨੈਂਟ ਜਨਰਲ ਨਰਾਵਨੇ ਵੱਖੋ-ਵੱਖਰੀਆਂ ਕਮਾਂਡਾਂ ਵਿੱਚ ਸ਼ਾਂਤੀ, ਖੇਤਰ ਤੇ ਅੱਤਵਾਦ-ਵਿਰੋਧੀ ਬੇਹੱਦ ਸਰਗਰਮ ਮਾਹੌਲ ਵਿੱਚ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਭਾਰਤ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ।
ਜੰਮੂ-ਕਸ਼ਮੀਰ ਵਿੱਚ ਰਾਸ਼ਟਰੀ ਰਾਈਫ਼ਲਜ਼ ਦੀ ਬਟਾਲੀਅਨ ਤੇ ਪੂਰਬੀ ਮੋਰਚੇ ‘ਤੇ ਇਨਫ਼ੈਂਟਰੀ ਬ੍ਰਿਗੇਡ ਦੀ ਕਮਾਂਡ ਸੰਭਾਲ ਚੁੱਕੇ ਹਨ । ਉਹ ਸ੍ਰੀਲੰਕਾ ਵਿੱਚ ਭਾਰਤੀ ਸ਼ਾਂਤੀ ਸੈਨਾ ਦਾ ਹਿੱਸਾ ਸਨ, ਤਿੰਨ ਸਾਲਾਂ ਤੱਕ ਉਹ ਮਿਆਂਮਾਰ ਸਥਿਤ ਭਾਰਤੀ ਦੂਤਾਵਾਸ ਵਿੱਚ ਰੱਖਿਆ ਮਾਮਲਿਆਂ ਦੇ ਇੰਚਾਰਜ ਵੀ ਰਹੇ ।
ਇਸ ਤੋਂ ਇਲਾਵਾ ਲੈਫ਼ਟੀਨੈਂਟ ਜਨਰਲ ਨਰਾਵਨੇ ਰਾਸ਼ਟਰੀ ਰੱਖਿਆ ਅਕਾਦਮੀ ਤੇ ਭਾਰਤੀ ਫ਼ੌਜੀ ਅਕਾਦਮੀ ਦੇ ਵਿਦਿਆਰਥੀ ਵੀ ਰਹੇ ਹਨ । ਉਨ੍ਹਾਂ ਨੂੰ ਸੈਨਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤਿ-ਵਿਸ਼ਿਸ਼ਟ ਸੇਵਾ ਮੈਡਲ ਮਿਲ ਚੁੱਕੇ ਹਨ । ਦੱਸ ਦੇਈਏ ਕਿ ਲੈ. ਜਨਰਲ ਨਰਾਵਨੇ ਮਰਾਠੀ ਪਰਿਵਾਰ ਨਾਲ ਸਬੰਧਤ ਹਨ । ਉਨ੍ਹਾਂ ਦੇ ਪਿਤਾ ਭਾਰਤੀ ਹਵਾਈ ਫ਼ੌਜ ਵਿੱਚ ਅਧਿਕਾਰੀ ਰਹੇ ਹਨ ਤੇ ਉਨ੍ਹਾਂ ਦੀ ਮਾਂ ਆੱਲ ਇੰਡੀਆ ਰੇਡੀਓ ’ਤੇ ਅਨਾਊਂਸਰ ਹੁੰਦੇ ਸਨ ।