33.49 F
New York, US
February 6, 2025
PreetNama
ਖਬਰਾਂ/News

ਲੋਕ ਚੇਤਨਾ ਮੰਚ ਵੱਲੋਂ ਮਨਾਇਆ ਗਿਆ “ਅੰਤਰਰਾਸ਼ਟਰੀ ਮਾਂ ਬੋਲੀ ਦਿਵਸ”

ਅੱਜ 21 ਫਰਵਰੀ ਦਾ ਦਿਨ ਸੰਸਾਰ ਭਰ ਵਿੱਚ ਵਿਸ਼ਵ ਮਾਂ ਬੋਲੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਕਸਬਾ ਮਮਦੋਟ ਦੀ ਨਾਮਵਰ ਸੰਸਥਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਚੇਤਨਾ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਇਲਾਕੇ ਦੇ ਬੁੱਧੀਜੀਵੀਆਂ ਅਤੇ ਸਾਹਿਤ ਪ੍ਰੇਮੀਆਂ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਗਿਆ।  ਸਮਾਰੋਹ ਦੀ ਸ਼ੁਰੂਆਤ ਕਰਦੇ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਚੇਤਨਾ ਮੰਚ ਦੇ ਕਨਵੀਨਰ ਕੁਲਦੀਪ ਸਿੰਘ ਨੇ ਪਹੁੰਚੇ ਹੋਏ ਸਾਹਿਤ ਪ੍ਰੇਮੀਆਂ, ਸਕੂਲ ਅਧਿਆਪਕਾਂ, ਵਿਦਿਆਰਥੀਆਂ ਅਤੇ ਇਲਾਕੇ ਦੇ ਸਮੂਹ ਪਤਵੰਤੇ ਲੋਕਾਂ ਨੂੰ ਜੀ ਨੂੰ ਆਖਦੇ ਹੋਏ ਮਾਤ ਭਾਸ਼ਾ ਦਿਵਸ ਦੀ ਵਧਾਈ ਦਿੰਦੇ ਹੋਏ ਸਮਾਰੋਹ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕਨਵੀਨਰ ਕੁਲਦੀਪ ਸਿੰਘ ਨੇ ਮਾਂ ਬੋਲੀ ਦਿਵਸ ਦੇ ਇਤਿਹਾਸ ਸੰਖੇਪ ਚਾਨਣਾ ਪਾਇਆ। ਇਸ ਉਪਰੰਤ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਹੋਏ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਨੂੰ ਮੌਜੂਦਾ ਸਮੇਂ ’ਚ ਦਰਪੇਸ਼ ਮੁਸ਼ਕਿਲਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਲੋਕ ਚੇਤਨਾ ਮੰਚ ਦੇ ਸੀਨੀਅਰ ਮੈਂਬਰ ਬਲਰਾਜ ਸਿੰਘ ਸੰਧੂ ਨੇ ਬੰਗਲਾ ਦੇਸ਼ ਦੀ ਕੀਤੀ ਗਈ ਯਾਤਰਾ ਨੂੰ ਸਾਂਝਾ ਕੀਤਾ ਅਤੇ ਉਥੋਂ ਦੇ ਲੋਕਾਂ ਦੁਆਰਾ ਆਪਣੀ ਭਾਸ਼ਾ ਲਈ ਕੀਤੇ ਅੰਦਲੋਨ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਤੋਂ ਬਾਅਦ ਸਮਾਰੋਹ ਦੇ ਮੁੱਖ ਮਹਿਮਾਨ ਡਾਕਟਰ ਰਮੇਸ਼ਵਰ ਸਿੰਘ ਨੇ ਪੰਜਾਬੀ ਭਾਸ਼ਾਂ ਦੇ ਇਤਿਹਾਸ, ਮੌਜੂਦਾ ਸਥਿਤੀ, ਦਰਪੇਸ਼ ਮੁਸ਼ਕਿਲਾਂ ਅਤੇ ਇਸ ਦੇ ਭਵਿੱਖ ਬਾਰੇ ਆਪਣੇ ਕੁੰਜੀਬੱਧ ਭਾਸ਼ਣ ਵਿੱਚ ਕਿਹਾ ਕਿ ਮਨੁੱਖ ਦਾ ਪੂਰਨ ਬੌਧਿਕ ਵਿਕਾਸ ਮਨੁੱਖ ਦੀ ਮਾਂ ਬੋਲੀ ਵਿੱਚ ਹੀ ਹੋ ਸਕਦਾ ਹੈ। ਇਸ ਲਈ ਸਾਨੂੰ ਹੋਰ ਬੋਲੀਆਂ ਦੇ ਨਾਲ-ਨਾਲ ਆਪਣੀ ਮਾਂ ਬੋਲੀ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਹੈ ਅਤੇ ਜ਼ਿੰਦਗੀ ਵਿੱਚ ਉਸ ਦੀ ਵੱਧ ਤੋਂ ਵੱਧ ਤੋਂ ਵੱਧ ਵਰਤੋਂ ਕਰਦੇ ਹੋਏ ਅੱਗੇ ਵੱਧਣਾ ਚਾਹੀਦਾ ਹੈ। ਇਸ ਮੌਕੇ ਪ੍ਰੋਫੈਸਰ ਬਖਸ਼ੀਸ਼ ਸਿੰਘ ਆਜ਼ਾਦ ਦੇ ਬੋਲਦੇ ਹੋਏ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਮਾਂ ਬੋਲੀ ਨੂੰ ਬੋਲਣ ਅਤੇ ਵਰਤੋਂ ਕਰਨ ਤੋਂ ਕਤਰਾਉਂਦੇ ਹਾਂ। ਉਨ੍ਹਾਂ ਕਿਹਾ ਕਿ ਇੱਕ ਸਾਜਿਸ਼ ਤਹਿਤ ਪੰਜਾਬੀ ਮਾਂ ਬੋਲੀ ਇੱਕ ਖਾਸ ਫਿਰਕੇ ਦੀ ਬੋਲੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ, ਜਦੋਂ ਕਿ ਭਾਸ਼ਾਂ ਦਾ ਸੰਬੰਧ ਕਿਸੇ ਧਰਮ, ਜਾਤ, ਰੰਗ, ਨਸਲ ਜਾ ਕਿਸੇ ਖਾਸ ਫਿਰਕੇ ਨਾਲ ਨਹੀਂ ਹੁੰਦਾ, ਇਹ ਕਿਸੇ ਖਿੱਤੇ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੀ ਸਾਂਝੀ ਬੋਲੀ ਹੁੰਦੀ ਹੈ। ਇਸ ਲਈ ਸਾਨੂੰ ਆਪਣੀ ਮਾਂ ਬੋਲੀ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪਹੁੰਚੇ ਹੋਏ ਸਾਹਿਤ ਪ੍ਰੇਮੀਆਂ ਅਤੇ ਬੁੱਧੀਜੀਵੀਆਂ ਵੱਲੋਂ ਇੱਕ ਸਾਂਝੇ ਮਤੇ ਰਾਹੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਿਹੜੇ ਸਕੂਲਾਂ ਵਿੱਚ ਪੰਜਾਬੀ ਮਾਂ ਬੋਲੀ ਬੋਲਣ ਤੇ ਪਾਬੰਦੀ ਲਗਾਈ ਜਾਂਦਾ ਹੈ, ਉਨ੍ਹਾਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਦੂਜੇ ਮਤੇ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਦੀ ਨਿਆਂ ਪ੍ਰਕਿਰਿਆ ਵਿੱਚ ਪੰਜਾਬੀ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇ। ਸਮਾਰੋਹ ਦੀ ਸਮਾਪਤੀ ਮੌਕੇ ਗੁਰਮੀਤ ਸਿੰਘ ਜੱਜ ਵੱਲੋਂ ਪੰਜਾਬੀ ਦੇ ਅਲੋਪ ਹੁੰਦੇ ਜਾ ਰਹੇ ਸ਼ਬਦ ਸਾਂਝੇ ਕੀਤੇ ਗਏ ਅਤੇ ਅਗਲੇ ਸਾਲ ਫਿਰ ਤੋਂ ਇਸੇ ਦਿਨ ਇਕੱਠੇ ਹੋਣ ਦਾ ਵਾਅਦਾ ਕਰਦੇ ਹੋਏ ਸਭ ਦਾ ਧੰਨਵਾਦ ਕੀਤਾ।  ਇਸ ਮੌਕੇ ਲੋਕ ਚੇਤਨਾ ਮੰਚ ਦੇ ਮੈਂਬਰ ਬਲਰਾਜ ਸਿੰਘ ਸੰਧੂ, ਜਨਕ ਸਿੰਘ, ਤਰਸੇਮ ਸਿੰਘ, ਅਸ਼ਵ ਬਜਾਜ, ਅਵਤਾਰ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਮੋਹਿਤ ਮੋਤੀ, ਲੇਖਕ ਜਸਵਿੰਦਰ ਸਿੰਘ ਭੁਲੇਰੀਆਂ, ਲੇਖਕ ਤੇ ਅਧਿਆਪਕਾ ਮਨਜੀਤ ਕੌਰ, ਲੇਖਕ ਬਲਜੀਤ ਸਿੰਘ, ਲੇਖਕ ਪ੍ਰੀਤ ਗੁਰਪ੍ਰੀਤ, ਗੁਰਮੀਤ ਸਿੰਘ (ਧਰਤ ਸੁਹਾਵੀਂ), ਅਧਿਆਪਕ ਲਖਵਿੰਦਰ ਸਿੰਘ, ਅਧਿਆਪਕ ਬੰਟੀ ਗੌਰੀਆ, ਮਾਸਟਰ ਪ੍ਰੇਮ ਕੁਮਾਰ, ਅਧਿਆਪਕ ਬਲਵੰਤ ਸਿੰਘ, ਸੰਦੀਪ ਸਿੰਘ ਆਦਿ ਹਾਜਰ ਸਨ।

Related posts

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਫ਼ਿਰ ਮਿਲੀ ਜਾਨੋਂ ਮਾਰਨ ਦੀ ਧਮਕੀ , ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

On Punjab

ਅਫਸਾਨਾ ਖਾਨ ਨੇ ਗੁਰਦਾਸ ਮਾਨ ਨਾਲ ਸ਼ੇਅਰ ਕੀਤੀ ਤਸਵੀਰ, ਗਾਇਕ ਨੂੰ ਦਾਦਾ ਬਣਨ ਦੀ ਇੰਜ ਦਿੱਤੀ ਵਧਾਈ

On Punjab

ਗਿਆਨੀ ਰਘਬੀਰ ਸਿੰਘ ਨੂੰ ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ

On Punjab