ਚੰਡੀਗੜ੍ਹ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ‘ਤੇ ਅੱਜ ਸ਼ਾਮ 6 ਵਜੇ ਚੋਣਾਂ ਸਮਾਪਤ ਹੋ ਗਈਆਂ ਹਨ।ਇਸ ਦੌਰਾਨ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਰਿਜ਼ਰਵ), ਹੁਸ਼ਿਆਰਪੁਰ (ਰਿਜ਼ਰਵ), ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ (ਰਿਜ਼ਰਵ), ਫ਼ਰੀਦਕੋਟ (ਰਿਜ਼ਰਵ), ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਤੇ ਚੰਡੀਗੜ ਦੀ ਇੱਕ ਲੋਕ ਸਭਾ ਸੀਟ ‘ਤੇ ਵੋਟਾਂ ਪਈਆਂ ਹਨ।
ਇਸ ਦੌਰਾਨ ਜਿਥੇ ਆਮ ਵੋਟਰਾਂ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ ਹੈ, ਓਥੇ ਹੀ ਸਿਆਸੀ ਆਗੂਆਂ , ਗਾਇਕਾਂ ,ਫ਼ਿਲਮ ਅਦਾਕਾਰ ਨੇ ਵੀ ਆਪਣੀ ਵੋਟ ਪਾਈ ਹੈ।ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ।ਇਸ ਦੌਰਾਨ ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਸੀ।
ਇਨ੍ਹਾਂ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ਵਿਚ ਹਨ ,ਜਿਨ੍ਹਾਂ ਵਿੱਚ 254 ਮਰਦ ਅਤੇ 24 ਮਹਿਲਾਵਾਂ ਹਨ। ਇਨ੍ਹਾਂ 278 ਉਮੀਦਵਾਰਾਂ ਦੀ ਕਿਸਮਤ ਹੁਣ ਈਵੀਐਮ ਮਸ਼ੀਨਾਂ ਵਿਚ ਕੈਦ ਹੋ ਗਈ ਹੈ।ਇਨ੍ਹਾਂ ਵੋਟਰਾਂ ਵਿਚ 1,09,50,735 ਪੁਰਸ਼ ਵੋਟਰ ,9,82,916 ਮਹਿਲਾ ਵੋਟਰ ਅਤੇ ਥਰਡ ਜੈਂਡਰ ਦੇ 560 ਵੋਟਰ ਸਨ।ਇਨ੍ਹਾਂ ਵਿਚੋਂ 3,94,780 ਵੋਟਰਾਂ ਨੇ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।