63.68 F
New York, US
September 8, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਲੋਕ ਸਭਾ ਸਪੀਕਰ ਬਾਰੇ ਨਾ ਬਣੀ ਸਹਿਮਤੀ, ਐੱਨਡੀਏ ਦੇ ਓਮ ਬਿਰਲਾ ਤੇ ਇੰਡੀਆ ਦੇ ਸੁਰੇਸ਼ ਵਿਚਾਲੇ ਮੁਕਾਬਲਾ ਅੱਜ

ਅਠਾਰ੍ਹਵੀਂ ਲੋਕ ਸਭਾ ਦੇ ਸਪੀਕਰ ਦੀ ਚੋਣ ਬੁੱਧਵਾਰ ਨੂੰ ਹੋਵੇਗੀ। ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਐੱਨਡੀਏ ਗੱਠਜੋੜ ਨੇ ਸਪੀਕਰ ਦੇ ਅਹੁਦੇ ਲਈ ਓਮ ਬਿਰਲਾ ਨੂੰ ਮੁੜ ਆਪਣਾ ਉਮੀਦਵਾਰ ਬਣਾਇਆ ਹੈ ਜਦੋਂਕਿ ਵਿਰੋਧੀ ਧਿਰਾਂ ਨੇ ਬਿਰਲਾ ਦੇ ਮੁਕਾਬਲੇ ਕੋਡੀਕੁਨਿਲ ਸੁਰੇਸ਼ ਨੂੰ ਚੋਣ ਪਿੜ ਵਿਚ ਉਤਾਰਿਆ ਹੈ। ਮੁਕਾਬਲਾ ਬਿਰਲਾ ਬਨਾਮ ਸੁਰੇਸ਼ ਹੋਣ ਨਾਲ ਸਪੀਕਰ ਦੀ ਚੋਣ ਸਰਬਸੰਮਤੀ ਨਾਲ ਕਰਵਾਉਣ ਦੀਆਂ ਐੱਨਡੀਏ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਵਿਰੋਧੀ ਧਿਰਾਂ ਨੇ ਕੇ. ਸੁਰੇਸ਼ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਐਨ ਆਖਰੀ ਮੌਕੇ ਲਿਆ। ਵਿਰੋਧੀ ਧਿਰਾਂ ਨੇ ਸਪੀਕਰ ਦੇ ਅਹੁਦੇ ਲਈ ਬਿਰਲਾ ਨੂੰ ਹਮਾਇਤ ਦੇਣ ਦੇ ਬਦਲੇ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ ਸੀ, ਪਰ ਸੀਨੀਅਰ ਭਾਜਪਾ ਆਗੂਆਂ ਨੇ ਇਹ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਮੁਤਾਬਕ ਬਿਰਲਾ ਦੀ ਉਮੀਦਵਾਰੀ ਦੀ ਹਮਾਇਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਜੇਪੀ ਨੱਢਾ ਅਤੇ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਟੀਡੀਪੀ, ਜੇਡੀਯੂ, ਜੇਡੀਐੱਸ ਤੇ ਐੱਲਜੇਪੀ (ਆਰ) ਸਣੇ ਹੋਰਨਾਂ ਵੱਲੋਂ ਨਾਮਜ਼ਦਗੀਆਂ ਦੇ 10 ਸੈੱਟ ਦਾਖ਼ਲ ਕੀਤੇ ਗਏ ਹਨ। ਉਧਰ ਸੁਰੇਸ਼ ਦੇ ਹੱਕ ਵਿਚ ਨਾਮਜ਼ਦਗੀਆਂ ਦੇ ਤਿੰਨ ਸੈੱਟ ਦਾਖ਼ਲ ਕੀਤੇ ਗਏ ਹਨ। ਵਿਰੋਧੀ ਧਿਰਾਂ ਵੱਲੋਂ ਕਾਂਗਰਸ ਆਗੂ ਕੇਸੀ ਵੇਣੂਗੋਪਾਲ ਤੇ ਡੀਐੱਮਕੇ ਦੇ ਟੀਆਰ ਬਾਲੂ ਨੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੇ ਸੰਸਦ ਭਵਨ ਵਿਚਲੇ ਦਫ਼ਤਰ ਵਿਚ ਸੀਨੀਅਰ ਭਾਜਪਾ ਆਗੂਆਂ ਨਾਲ ਸੰਖੇਪ ਬੈਠਕ ਦੌਰਾਨ ਸਪੀਕਰ ਦੀ ਚੋਣ ਨੂੰ ਲੈ ਕੇ ਸਰਬਸੰਮਤੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ’ਤੇ ਬਜ਼ਿੱਦ ਰਹੀਆਂ। ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਵੀ ਮੌਜੁੂਦ ਸਨ। ਸਹਿਮਤੀ ਨਾ ਬਣਨ ਮਗਰੋਂ ਵਿਰੋਧੀ ਧਿਰਾਂ ਦੇ ਦੋਵੇਂ ਆਗੂ ਬੈਠਕ ’ਚੋਂ ਵਾਕਆਊਟ ਕਰ ਗਏ। ਵੇਣੂਗੋਪਾਲ ਨੇ ਦੋਸ਼ ਲਾਇਆ ਕਿ ਸਰਕਾਰ ਨੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਡਿਪਟੀ ਸਪੀਕਰ ਦਾ ਅਹੁਦਾ ਦੇਣ ਤੋਂ ਨਾਂਹ ਕਰ ਦਿੱਤੀ ਹੈ ਜਿਸ ਕਰਕੇ ਹੁਣ ਉਨ੍ਹਾਂ ਬਿਰਲਾ ਖਿਲਾਫ਼ ਉਮੀਦਵਾਰ ਖੜ੍ਹਾ ਕਰਨ ਦਾ ਫੈਸਲਾ ਕੀਤਾ ਹੈ।

ਉਧਰ ਕੇਂਦਰੀ ਮੰਤਰੀਆਂ ਭਾਜਪਾ ਦੇ ਪਿਊਸ਼ ਗੋਇਲ ਤੇ ਜੇਡੀਯੂ ਦੇ ਲੱਲਨ ਸਿੰਘ ਨੇ ਵਿਰੋਧੀ ਧਿਰਾਂ ’ਤੇ ਦਬਾਅ ਦੀ ਸਿਆਸਤ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸੀਨੀਅਰ ਮੰਤਰੀਆਂ ਨੇ ਜਦੋਂ ਭਰੋਸਾ ਦਿੱਤਾ ਹੈ ਕਿ ਡਿਪਟੀ ਸਪੀਕਰ ਦੀ ਚੋਣ ਵੇਲੇ ਵਿਰੋਧੀ ਧਿਰਾਂ ਵੱਲੋਂ ਰੱਖੀ ਮੰਗ ਨੂੰ ਵਿਚਾਰਿਆ ਜਾਵੇਗਾ ਤਾਂ ਫਿਰ ਪਹਿਲਾਂ ਹੀ ਸ਼ਰਤਾਂ ਰੱਖਣ ਦੀ ਕੋਈ ਤੁੱਕ ਨਹੀਂ ਹੈ। ਸਿੰਘ ਨੇ ਕਿਹਾ, ‘‘ਦਬਾਅ ਦੀ ਸਿਆਸਤ ਨਹੀਂ ਹੋ ਸਕਦੀ।’’ ਗੋਇਲ ਨੇ ਕਿਹਾ ਕਿ ਜਮਹੂਰੀਅਤ ਅਗਾਊਂ ਸ਼ਰਤਾਂ ਰੱਖਣ ਨਾਲ ਨਹੀਂ ਚੱਲਦੀ।

ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸਪੀਕਰ ਬੁੱਧਵਾਰ ਨੂੰ ਚੁਣਿਆ ਜਾਣਾ ਹੈ ਤੇ ਜੇ ਵੋਟਿੰਗ ਹੁੰਦੀ ਹੈ ਤਾਂ ਇਹ ਲੋਕ ਸਭਾ ਦੇ ਇਤਿਹਾਸ ਵਿਚ ਸਿਰਫ਼ ਤੀਜੀ ਵਾਰ ਹੋਵੇਗਾ। ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਕੋਲ ਇਸ ਵੇਲੇ 293 ਸੰਸਦ ਮੈਂਬਰ ਹਨ ਜਦੋਂਕਿ ਇੰਡੀਆ ਗੱਠਜੋੜ ਦੇ ਐੱਮਪੀਜ਼ ਦੀ ਗਿਣਤੀ 233 ਹੈ। ਰਾਹੁਲ ਗਾਂਧੀ ਨੇ ਦੋ ਸੀਟਾਂ ਤੋਂ ਚੋਣ ਲੜੀ ਸੀ ਤੇ ਉਨ੍ਹਾਂ ਵੱਲੋਂ ਇਕ ਸੀਟ ਤੋਂ ਅਸਤੀਫ਼ਾ ਦਿੱਤੇ ਜਾਣ ਕਰਕੇ ਮੌਜੂਦਾ ਸਮੇਂ ਲੋਕ ਸਭਾ ਵਿਚ 542 ਮੈਂਬਰ ਹਨ। ਤਿੰਨ ਆਜ਼ਾਦ ਐੱਮਪੀਜ਼ ਨੇ ਵਿਰੋਧੀ ਧਿਰ ਦੀ ਹਮਾਇਤ ਦਾ ਐਲਾਨ ਕੀਤਾ ਹੈ। ਲੋਕ ਸਭਾ ਵਿਚ ਮੈਂਬਰਾਂ ਦੀ ਮੌਜੂਦਾ ਗਿਣਤੀ ਮਿਣਤੀ ਨੂੰ ਦੇਖਦਿਆਂ ਸਪੀਕਰ ਦੀ ਚੋਣ ਵਿਚ ਬਿਰਲਾ ਦਾ ਹੱਥ ਉੱਤੇ ਜਾਪਦਾ ਹੈ। -ਪੀਟੀਆਈ

ਕਾਂਗਰਸ ਵੱਲੋਂ ਆਪਣੇ ਸੰਸਦ ਮੈਂਬਰਾਂ ਲਈ ਵ੍ਹਿਪ ਜਾਰੀ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਆਪਣੇ ਸੰਸਦ ਮੈਂਬਰਾਂ ਨੂੰ ਤਿੰਨ ਸਤਰਾਂ ਦਾ ਵ੍ਹਿਪ ਜਾਰੀ ਕਰਦਿਆਂ ਬੁੱਧਵਾਰ ਨੂੰ ਸਵੇਰੇ 11 ਵਜੇ ਸਪੀਕਰ ਦੀ ਚੋਣ ਮੌਕੇ ਲੋਕ ਸਭਾ ਵਿਚ ਮੌਜੂਦ ਰਹਿਣ ਲਈ ਕਿਹਾ ਹੈ। ਕਾਂਗਰਸ ਦੇ ਚੀਫ਼ ਵ੍ਹਿਪ ਕੇ. ਸੁਰੇਸ਼ ਵੱਲੋਂ ਜਾਰੀ ਵ੍ਹਿਪ ਵਿਚ ਕਿਹਾ ਗਿਆ, ‘‘ਲੋਕ ਸਭਾ ਵਿਚ ਭਲਕੇ ਬੁੱਧਵਾਰ 26 ਜੂਨ 2024 ਨੂੰ ਬਹੁਤ ਅਹਿਮ ਮੁੱਦਾ ਰੱਖਿਆ ਜਾਣਾ ਹੈ। ਲੋਕ ਸਭਾ ਵਿਚ ਕਾਂਗਰਸ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 26 ਜੂਨ ਨੂੰ ਸਵੇਰੇ 11 ਵਜੇ ਤੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ ਹੋਣ ਤੱਕ ਸਦਨ ਵਿਚ ਮੌਜੂਦ ਰਹਿਣ ਤੇ ਪਾਰਟੀ ਦੇ ਸਟੈਂਡ ਦੀ ਹਮਾਇਤ ਕਰਨ।’’ ਸੁਰੇਸ਼ ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਵੱਲੋਂ ਸਪੀਕਰ ਦੇ ਅਹੁਦੇ ਲਈ ਸਾਂਝੇ ਉਮੀਦਵਾਰ ਵੀ ਹਨ। ਉਨ੍ਹਾਂ ਦਾ ਮੁਕਾਬਲਾ ਐੱਨਡੀਏ ਦੇ ਓਮ ਬਿਰਲਾ ਨਾਲ ਹੈ। -ਪੀਟੀਆਈ

ਸਪੀਕਰ ਕਿਸੇ ਪਾਰਟੀ ਦਾ ਨਹੀਂ ਹੁੰਦਾ: ਰਿਜਿਜੂ

ਨਵੀਂ ਦਿੱਲੀ: ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਾਂਗਰਸ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਚੋਣ ਕਰਵਾਉਣ ਵਾਸਤੇ ਜ਼ੋਰ ਨਾ ਪਾਵੇ ਕਿਉਂਕਿ ਸਦਨ ਦੀ ਕਾਰਵਾਈ ਚਲਾਉਣ ਵਾਲੇ ਸਪੀਕਰ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੁੰਦਾ। ਰਿਜਿਜੂ ਨੇ ਇਹ ਟਿੱਪਣੀ ਕਾਂਗਰਸ ਆਗੂ ਕੇ. ਸੁਰੇਸ਼ ਵੱਲੋਂ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਐੱਨਡੀਏ ਉਮੀਦਵਾਰ ਓਮ ਬਿਰਲਾ ਖਿਲਾਫ਼ ਨਾਮਜ਼ਦਗੀ ਦਾਖ਼ਲ ਕੀਤੇ ਜਾਣ ਮਗਰੋਂ ਕੀਤੀ ਹੈ। ਮੁਕਾਬਲਾ ਬਿਰਲਾ ਬਨਾਮ ਸੁਰੇਸ਼ ਬਣਨ ਨਾਲ ਲੋਕ ਸਭਾ ਵਿਚ 48 ਸਾਲਾਂ ਬਾਅਦ ਸਪੀਕਰ ਦੇ ਅਹੁਦੇ ਲਈ ਚੋਣ ਹੋਵੇਗੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ, ‘‘ਮੈਂ ਮੁੜ ਅਪੀਲ ਕਰਦਾ ਹਾਂ ਕਿ ਉਹ ਸਪੀਕਰ ਦੇ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਦਿਆਂ ਆਪਣੇ ਫੈਸਲੇ ’ਤੇ ਸੋਚ ਵਿਚਾਰ ਕਰਨ।

Related posts

ਟਰੰਪ ਨੇ ਪਤਨੀ ਮੇਲਾਨੀਆਂ ਨਾਲ ਤਾਜ ਦੇ ਬਾਹਰ ਖਿਚਵਾਈ ਤਸਵੀਰ, ਵਿਜ਼ਿਟਰ ਬੁੱਕ ‘ਚ ਲਿਖਿਆ ‘ਵਾਹ ਤਾਜ’

On Punjab

Israel Hamas War: ਹਮਾਸ ਨਾਲ ਜੰਗਬੰਦੀ ਲਈ ਕਿਉਂ ਰਾਜ਼ੀ ਹੋਇਆ ਇਜ਼ਰਾਈਲ, ਇਸ ਸੌਦੇ ਪਿੱਛੇ ਕੌਣ ਹੈ? 10 ਵੱਡੇ ਅੱਪਡੇਟਸ

On Punjab

65 ਸਾਲਾ ਬਾਬੇ ਨੇ ਬੈਂਕ ਲੁੱਟ ਕੇ ਕੀਤਾ ਕੁਝ ਅਜਿਹਾ ਕਿ ਸਭ ਹੋ ਗਏ ਹੈਰਾਨ

On Punjab