ਬਿ੍ਰਟੇਨ ਦੇ ਹਾਈਕੋਰਟ ਨੇ ਭਾਰਤ ਦੇ ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਮਾਨਸਿਕ ਸਿਹਤ ਦੇ ਆਧਾਰ ’ਤੇ ਭਾਰਤ ਦੀ ਹਵਾਲਗੀ ਦੇ ਖ਼ਿਲਾਫ਼ ਅਪੀਲ ਕਰਨ ਦੀ ਆਗਿਆ ਦਿੱਤੀ ਹੈ। ਪੰਜਾਬ ਨੈਸ਼ਨਲ ਬੈਂਕ ’ਚ ਕਰੀਬ 14 ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਕਰ ਕੇ ਭੱਜੇ ਨੀਰਵ ਮੋਦੀ ਨੂੰ ਭਾਰਤੀ ਏਜੰਸੀਆਂ ਦੀ ਪਟੀਸ਼ਨ ’ਤੇ ਬਿ੍ਰਟਿਸ਼ ਕੋਰਟ ਨੇ ਭਾਰਤ ਭੇਜਣ ਦਾ ਹੁਕਮ ਦਿੱਤਾ ਹੈ।
ਇਸ ਹੁਕਮ ਦੇ ਆਧਾਰ ’ਤੇ ਬਿ੍ਰਟੇਨ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਨੀਰਵ ਦੀ ਹਵਾਲਗੀ ਦੇ ਹੁਕਮ ’ਤੇ ਅਪ੍ਰੈਲ ’ਚ ਦਸਤਖਤ ਕੀਤੇ ਹਨ। ਨੀਰਵ ਨੇ ਇਸੇ ਹੁਕਮ ਨੂੰ ਹਾਈਕੋਰਟ ’ਚ ਚੁਣੌਤੀ ਦੇਣ ਲਈ ਅਰਜ਼ੀ ਦਿੱਤੀ ਸੀ। ਭਾਰਤ ਜਾਣ ਤੋਂ ਬਚਣ ਲਈ ਪਿਛਲੇ ਦਿਨੀ ਨੀਰਵ ਮੋਦੀ ਦੇ ਵਕੀਲਾਂ ਨੇ ਕਿਹਾ ਸੀ ਕਿ ਮੁੰਬਈ ਦੀ ਜਿਸ ਆਰਥਰ ਰੋਡ ਜੇਲ੍ਹ ’ਚ ਹਵਾਲਗੀ ਤੋਂ ਬਾਅਦ ਨੀਰਵ ਨੂੰ ਰੱਖਿਆ ਜਾਣਾ ਹੈ, ਉਸ ’ਚ ਭੀੜ ਤੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦੇ ਉਸ ਦੇ ਆਤਮਹੱਤਿਆ ਕਰਨ ਦੀ ਸ਼ੰਕਾ ਵੱਧ ਜਾਵੇਗੀ। ਉਨ੍ਹਾਂ ਨੇ ਕੋਰਟ ਨੂੰ ਅਪੀਲ ਕੀਤੀ ਕਿ ਨੀਰਵ ਦੀ ਦਿਮਾਗੀ ਹਾਲਤ ਨੂੰ ਦੇਖਦੇ ਹੋਏ ਹਵਾਲਗੀ ਕਰਨਾ ਠੀਕ ਨਹੀਂ ਹੋਵੇਗਾ ਕਿਉਂਕਿ ਉਹ ਖ਼ਤਰਨਾਕ ਕਦਮ ਵੀ ਚੁੱਕ ਸਕਦਾ ਹੈ।
ਬੀਤੇ ਦਿਨੀ ਭਾਰਤੀ ਏਜੰਸੀਆਂ ਵੱਲੋਂ ਮਾਮਲੇ ਦੀ ਪੈਰਵੀ ਕਰ ਰਹੀ Crown Prosecution Service (ਸੀਪੀਐੱਸ) ਨੇ ਨੀਰਵ ਮੋਦੀ ਦੀ ਅਰਜ਼ੀ ਦੀ ਪੁਸ਼ਟੀ ਕੀਤੀ ਹੈ। ਬਿ੍ਰਟਿਸ਼ ਹਾਈਕੋਰਟ ਮੁਤਾਬਕ ਕਿਸੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਪਹਿਲਾਂ ਸਬੰਧਿਤ ਕੋਰਟ ਤੋਂ ਮਨਜੂਰੀ ਲੈਣੀ ਪੈਂਦੀ ਹੈ।