ਆਧੁਨਿਕ ਸਮੇਂ ‘ਚ ਸਿਹਤਮੰਦ ਰਹਿਣਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ। ਇਸ ਦੇ ਲਈ ਸਿਹਤ ਦਾ ਖਾਸ ਖ਼ਿਆਲ ਰੱਖਣਾ ਪੈਦਾ ਹੈ। ਲਾਪਰਵਾਹੀ ਵਰਤਣ ‘ਤੇ ਕਈ ਬਿਮਾਰੀਆਂ ਜਨਮ ਲੈਂਦੀਆਂ ਹਨ। ਖਾਸਕਰ ਖਰਾਬ ਰੂਟੀਨ, ਖਰਾਬ ਖਾਣ-ਪੀਣ ਤੇ ਤਣਾਅ ਦੀ ਵਜ੍ਹਾ ਨਾਲ ਮੋਟਾਪਾ, ਸ਼ੂਗਰ, ਹਾਈ ਬੀਪੀ ਆਦਿ ਬਿਮਾਰੀਆਂ ਦਸਤਕ ਦੇਣ ਲਗਦੀਆਂ ਹਨ। ਇਸ ਨਾਲ ਨਾ ਸਿਰਫ਼ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ ਬਲਕਿ ਉਮਰ ਵੀ ਘਟਦੀ ਹੈ। ਡਾਕਟਰ ਹਮੇਸ਼ਾ ਸਿਹਤਮੰਦ ਰਹਿਣ ਲਈ ਮੈਡੀਟੇਰੀਅਨ ਤੇ ਜਾਪਾਨੀ ਡਾਈਟ ਲੈਣ ਦੀ ਸਲਾਹ ਦਿੰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਡਾਈਟਸ ਨੂੰ ਫਾਲੋ ਕਰਨ ਨਾਲ ਉਮਰ ਵਧਦੀ ਹੈ। ਜੇਕਰ ਤੁਸੀਂ ਵੀ ਲੰਬੀ ਉਮਰ ਜਿਊਣਾ ਚਾਹੁੰਦੇ ਹੋ ਤਾਂ ਮੈਡੀਟੇਰੀਅਨ ਜਾਂ ਜਾਪਾਨੀ ਡਾਈਟ ਜ਼ਰੂਰ ਫਾਲੋ ਕਰੋ। ਨਾਲ ਹੀ ਇਨ੍ਹਾਂ ਚੀਜ਼ਾਂ ਤੋਂ ਪਰੇਹਜ਼ ਕਰੋ। ਆਓ ਜਾਣਦੇ ਹਾਂ…
ਸ਼ਰਬ ਦਾ ਸੇਵਨ ਨਾ ਕਰੋ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸ਼ਰਾਬ ਦੇ ਸੇਵਨ ਨਾਲ ਸਿਹਤ ‘ਤੇ ਉਲਟ ਅਸਰ ਪੈਂਦਾ ਹੈ। ਇਸ ਨਾਲ ਹਾਈ ਬੀਪੀ, ਹਾਰਟ ਅਟੈਕ ਸਮੇਤ ਲਿਵਰ ਨਾਲ ਸੰਬੰਧਤ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਸਾਲ 2018 ਦੀ ਇਕ ਖੋਜ ਦੀ ਮੰਨੀਏ ਤਾਂ ਇਕ ਹਫ਼ਤੇ ਵਿਚ 7 ਤੋਂ 14 ਪੈੱਗ ਸ਼ਰਾਬ ਪੀਣ ਵਾਲੇ ਵਿਅਕਤੀ ਦੀ ਉਮਰ 6 ਮਹੀਨੇ ਘੱਟ ਜਾਂਦੀ ਹੈ। ਉੱਥੇ ਹੀ ਹਰ ਹਫ਼ਤੇ 14 ਤੋਂ 25 ਪੈੱਗ ਪੀਣ ਵਾਲੇ ਵਿਅਕਤੀ ਦੀ ਉਮਰ 1 ਤੋਂ 2 ਸਾਲ ਘੱਟ ਜਾਂਦੀ ਹੈ ਜਦਕਿ 25 ਤੋਂ ਜ਼ਿਆਦਾ ਪੈੱਗ ਸ਼ਰਾਬ ਪੀਣ ਵਾਲੇ ਦੀ ਉਮਰ 4 ਤੋਂ 5 ਸਾਲ ਘੱਟ ਜਾਂਦੀ ਹੈ। ਇਸ ਲਈ ਸ਼ਰਾਬ ਦਾ ਸੇਵਨ ਨਾ ਕਰੋ। ਇਸ ਨਾਲ ਉਮਰ ਘੱਟ ਹੁੰਦੀ ਹੈ।
ਚੀਨੀ ਦਾ ਸੇਵਨ ਘੱਟ ਕਰੋ
ਮਾਹਿਰਾਂ ਦੀ ਮੰਨੀਏ ਤਾਂ ਸਰੀਰ ਵਿਚ ਬਹੁਤ ਜ਼ਿਆਦਾ ਕੈਲਰੀ ਤੇ ਬਲੱਡ ਸ਼ੂਗਰ ਨਾਲ ਮੋਟਾਪਾ, ਕੈਂਸਰ, ਸ਼ੂਗਰ, ਦੰਦਾਂ ਤੇ ਲਿਵਰ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਇਸ ਦੇ ਲਈ ਚੀਨੀ ਦਾ ਸੇਵਨ ਘੱਟ ਮਾਤਰਾ ‘ਚ ਕਰੋ। ਉੱਥੇ ਹੀ ਚਾਹ, ਕੌਫੀ, ਚਟਨੀ, ਕੈਚਅਪ, ਕੇਕ, ਕੋਲਡ ਡ੍ਰਿੰਕ ਆਦਿ ਦਾ ਸੇਵਨ ਸੀਮਤ ਮਾਤਰਾ ‘ਚ ਕਰੋ। ਜੂਸ ਪੀਣ ਬਦਲੇ ਤਾਜ਼ੇ ਫਲ ਖਾਓ।
ਫ੍ਰਾਈਡ ਚੀਜ਼ਾਂ ਨਾ ਖਾਓ
ਫ੍ਰੈਂਚ ਫ੍ਰਾਈਜ਼ ਤੇ ਆਲੂ ਦੇ ਚਿਪਸ ਨਾ ਖਾਓ। ਇਨ੍ਹਾਂ ਵਿਚ ਕੈਲਰੀ ਜ਼ਿਆਦਾ ਮਾਤਰਾ ‘ਚ ਪਾਈ ਜਾਂਦੀ ਹੈ। ਇਸ ਲਈ ਸੀਮਤ ਮਾਤਰਾ ‘ਚ ਹੀ ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ। ਲਾਪਰਵਾਹੀ ਵਰਤਣ ‘ਤੇ ਮੋਟਾਪਾ ਤੇ ਸ਼ੂਗਰ ਦਾ ਖ਼ਤਰਾ ਵਧ ਸਕਦਾ ਹੈ। ਨਾਲ ਹੀ ਕੋਲੈਸਟ੍ਰੌਲ ਵੀ ਵਧਣ ਲਗਦਾ ਹੈ। ਇਸ ਲਈ ਹਮੇਸ਼ਾ ਫ੍ਰਾਈਡ ਚੀਜ਼ਾਂ ਤੋਂ ਪਰਹੇਜ਼ ਕਰੋ।
ਸਮੋਕਿੰਗ ਨਾ ਕਰੋ
ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੀ ਮੰਨੀਏ ਤਾਂ ਸਮੋਕਿੰਗ ਕਰਨ ਵਾਲੇ ਲੋਕਾਂ ਦੀ ਉਮਰ ਆਮ ਲੋਕਾਂ ਦੇ ਮੁਕਾਬਲੇ 10 ਸਾਲ ਘੱਟ ਜਾਂਦੀ ਹੈ। ਇਸ ਵਿਚ ਅਕਾਲ ਮੌਤ ਦਾ ਖ਼ਤਰਾ ਵਧ ਜਾਂਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਸਮੋਕਿੰਗ ਕਰਨ ਵਾਲੇ ਲੋਕਾਂ ‘ਚ ਮੌਤ ਦਰ ਆਮ ਲੋਕਾਂ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹੈ। ਇਸ ਨਾਲ ਫੇਫੜੇ ਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।