ਸਾਰੇ ਲੰਬੀ ਉਮਰ ਚਾਹੁੰਦੇ ਹਨ ਪਰ ਉਮਰ ਦੇ ਨਾਲ ਆਉਣ ਵਾਲੀਆਂ ਬਿਮਾਰੀਆਂ ਤੇ ਕਮਜ਼ੋਰੀਆਂ ਇਸ ਦਾ ਆਕਰਸ਼ਣ ਖੋਹ ਲੈਂਦੀਆਂ ਹਨ। ਉਮਰ ਵਧਣ ਨਾਲ ਸਰੀਰਕ ਪਰਿਵਰਤਨ ਹੋਣਾ ਸੁਭਾਵਿਕ ਹੀ ਹੈ। ਕੁਦਰਤ ਵੱਲੋਂ ਦਿੱਤੀਆਂ ਕੁਝ ਚੀਜ਼ਾਂ ਉਮਰ ਵਧਣ ਦੇ ਕੁਝ ਲੱਛਣ ਯਾਨੀ ਏਜਿੰਗ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦੀਆਂ ਹਨ।
ਕੈਂਸਰ ਨਾਲ ਲੜੇ ਬ੍ਰੋਕਲੀ
ਇਸ ਵਿਚ ਬੀਟਾ ਕੈਰੋਟੀਨ ਤੇ ਆਇਸੋਥਿਓਸਾਇਨੇਟ ਨਾਂ ਦੇ ਪੌਸ਼ਕ ਤੱਤ ਪਾਏ ਜਾਂਦੇ ਹਨ। ਇਸੇ ਕਾਰਨ ਬ੍ਰੋਕਲੀ ਕੈਂਸਰ ਦੀ ਰੋਕਥਾਮ ਤੇ ਐਂਟੀ ਏਜਿੰਗ ਦੀ ਪ੍ਰਕਿਰਿਆ ’ਚ ਵੀ ਸਹਾਇਕ ਹੈ।
ਇਮਿਊਨਿਟੀ ਵਧਾਵੇ ਨਿੰਬੂ-ਸੰਤਰਾ
ਵਿਟਾਮਿਨ-ਸੀ ਨਾਲ ਭਰਪੂਰ ਫਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦੇ ਹਨ। ਐਲਰਜੀ ਤੋਂ ਬਚਾਅ ਤੇ ਚਮੜੀ ’ਚ ਕਸਾਅ ਲਿਆਉਣ ਲਈ ਸੰਤਰਾ, ਮੌਸਮੀ ਫਲ, ਨਿੰਬੂ ਆਦਿ ਵਿਟਾਮਿਨ-ਸੀ ਦੇ ਉੱਤਮ ਸਰੋਤ ਹਨ। ਇਨ੍ਹਾਂ ’ਚ ਬਾਇਓਫਲੇਵੋਨਾਇਡ ਤੇ ਲਾਇਮੋਨੀਨ ਵੀ ਪਾਇਆ ਜਾਂਦਾ ਹੈ। ਐਂਟੀਆਕਸੀਡੈਂਟਸ ਦੀ ਮੌਜੂਦਗੀ ਕਾਰਨ ਇਹ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਨਾਲ ਲੜਨ ਦੀ ਸਮਰੱਥਾ ਪੈਦਾ ਕਰਦੇ ਹਨ।
ਗੁਣਾਂ ਦੀ ਗੁਥਲੀ ਹੈ ਗ੍ਰੀਨ-ਟੀ
ਗ੍ਰੀਨ-ਟੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਹ ਕਈ ਤਰ੍ਹਾਂ ਦੇ ਲਾਭ ਪਹੁੰਚਾਉਂਦੀ ਹੈ। ਚਰਬੀ ’ਤੇ ਅਸਰ ਪਾਉਣ ਕਾਰਨ ਇਸ ਨਾਲ ਭਾਰ ਘਟਦਾ ਹੈ। ਵਾਲਾਂ ਦਾ ਝੜਨਾ ਏਜਿੰਗ ਪ੍ਰਕਿਰਿਆ ਦਾ ਸੂਚਕ ਹੈ। ਗ੍ਰੀਨ-ਟੀ ਦੀ ਵਰਤੋਂ ਵਾਲਾਂ ਦਾ ਡਿਗਣਾ ਘਟਾਉਂਦੀ ਹੈ। ਇਸ ਦੇ ਇਸਤੇਮਾਲ ਨਾਲ ਬਲੱਡ ਸ਼ੂਗਰ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ। ਇਹ ਕੋਲੈਸਟਰੋਲ ਨੂੰ ਵੀ ਸੰਤੁਲਿਤ ਅਵਸਥਾ ’ਚ ਰੱਖਦੀ ਹੈ। ਗ੍ਰੀਨ-ਟੀ ਬਲੱਡ ਪ੍ਰੈਸ਼ਰ ਕੰਟਰੋਲ ਕਰਨ ’ਚ ਵੀ ਮਦਦਗਾਰ ਹੈ।
ਚਮੜੀ ਲਈ ਲਾਹੇਵੰਦ ਪੁੰਗਰੇ ਹੋਏ ਅਨਾਜ
ਵਧਦੀ ਉਮਰ ਦੀ ਪ੍ਰਕਿਰਿਆ ਦੀ ਰਫ਼ਤਾਰ ਘਟਾਉਣ ਲਈ ਪੁੰਗਰੇ ਹੋਏ ਅਨਾਜ ਵਧੀਆ ਬਦਲ ਹੈ। ਪੁੰਗਰੇ ਹੋਏ ਅਨਾਜ ਦੇ ਸੇਵਨ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ ਤੇ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾਅ ਹੁੰਦਾ ਹੈ। ਸਪ੍ਰਾਊਟ ਦੇ ਸੇਵਨ ਨਾਲ ਚਮੜੀ ’ਚ ਕਸਾਅ ਆਉਂਦਾ ਹੈ।
ਹੀਮੋਗਲੋਬਿਨ ਦਾ ਸਾਥੀ ਅਨਾਰ
ਅਨੀਮੀਆ ਭਾਵ ਸਰੀਰ ’ਚ ਖ਼ੂਨ ਦੀ ਘਾਟ ਹੋਣ ’ਤੇ ਖ਼ੂਨ ’ਚ ਹੀਮੋਗਲੋਬਿਨ ਦਾ ਪੱਧਰ ਵਧਾਉਣ ’ਚ ਅਨਾਰ ਸਹਾਇਕ ਹੈ। ਇਸ ਨੂੰ ਖਾਣ ਨਾਲ ਚਮੜੀ ਸਿਹਤਮੰਦ ਰਹਿੰਦੀ ਹੈ। ਇਸ ’ਚ ਪਾਏ ਜਾਣ ਵਾਲੇ ਸੂਖਮ ਪੌਸ਼ਕ ਤੱਤ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਮਜ਼ਬੂਤ ਬਣਾਈ ਰੱਖਦੇ ਹਨ।
ਦਿਲ-ਦਿਮਾਗ਼ ਲਈ ਲਾਹੇਵੰਦ ਸੱੁਕੇ ਮੇਵੇ
ਇਹ ਹਰ ਤਰ੍ਹਾਂ ਨਾਲ ਸਿਹਤ ਤੇ ਖ਼ੂਬਸੂਰਤੀ ਦੋਵਾਂ ’ਚ ਵਾਧਾ ਕਰਦੇ ਹਨ। ਅਖਰੋਟ ’ਚ ਮੌਜੂਦ ਵਿਟਾਮਿਨ-ਈ ਟੋਕੋਫੇਰਲ ਦੇ ਰੂਪ ’ਚ ਪਾਇਆ ਜਾਂਦਾ ਹੈ, ਜਿਹੜਾ ਦਿਲ ਲਈ ਬੇਹੱਦ ਫ਼ਾਇਦੇਮੰਦ ਹੈ। ਬਦਾਮ ਦਿਮਾਗ਼ ਦੀ ਸਮਰੱਥਾ ਵਧਾਉਣ ’ਚ ਮਦਦਗਾਰ ਹੈ ਤੇ ਇਹ ਅੱਖਾਂ ਦੀ ਰੋਸ਼ਨੀ ਲਈ ਵੀ ਕਾਰਗਰ ਹਨ। ਮੂੰਗਫਲੀ ’ਚ ਵਿਟਾਮਿਨ-ਬੀ, ਵਿਟਾਮਿਨ-ਈ ਤੇ ਮੈਗਨੀਜ਼ ਪਾਏ ਜਾਂਦੇ ਹਨ।
ਹਾਈ ਬਲੱਡ ਪ੍ਰੈਸ਼ਰ ਦੂਰ ਕਰੇ ਲਸਣ
ਲਸਣ ਗੁਣਾਂ ਦੀ ਖਾਣ ਹੈ। ਇਸ ਦੇ ਸੇਵਨ ਨਾਲ ਸਰੀਰ ਦੀ ਰੋਗ ਪ੍ਰਤੀਰੋਧੀ ਸਮਰਥਾ ਵਧਦੀ ਹੈ। ਇਸ ਕਾਰਨ ਵਿਅਕਤੀ ਦਾ ਕਈ ਰੋਗਾਂ ਤੋਂ ਬਚਾਅ ਹੁੰਦਾ ਹੈ। ਲਸਣ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਵੀ ਸਹਾਇਕ ਹੈ। ਇਹ ਐਂਟੀ ਏਜਿੰਗ ਪ੍ਰਕਿਰਿਆ ’ਚ ਵੀ ਮਦਦਗਾਰ ਹੈ।
ਪੇਟ ਸਾਫ਼ ਰੱਖਦੇ ਨੇ ਜੌਂ
ਸਿਹਤ ਪੱਖੋਂ ਇਸ ’ਚ ਲੋੜੀਂਦੀ ਮਾਤਰਾ ’ਚ ਫਾਈਬਰ ਹੁੰਦਾ ਹੈ। ਇਸ ਕਾਰਨ ਜਿਹੜੇ ਲੋਕ ਕਬਜ਼ ਦੀ ਸਮੱਸਿਆ ਨਾਲ ਪੀੜਤ ਹਨ, ਉਨ੍ਹਾਂ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਉਨ੍ਹਾਂ ਦਾ ਪਾਚਨ ਤੰਤਰ ਦਰੱੁਸਤ ਰਹਿੰਦਾ ਹੈ। ਇਸ ਵਿਚ ਬੀਟਾਗਲੂਕੇਨਜ਼ ਦੀ ਮੌਜੂਦਗੀ ਕੋਲੈਸਟਰੋਲ ਦਾ ਪੱਧਰ ਘਟਾਉਣ ’ਚ ਮਦਦਗਾਰ ਹੈ।