ਮੈਨਚੈਸਟਰ: ਕ੍ਰਿਕਟ ਵਰਲਡ ਕੱਪ ਦਾ ਜੋਸ਼ ਆਪਣੇ ਸਿਖਰ ‘ਤੇ ਹੈ। ਦੁਨੀਆ ਦੇ ਤਮਾਮ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਅੱਜ ਮੈਨਚੈਸਟਰ ਦੇ ਓਲਡ ਟੈਫੋਰਡ ਸਟੇਡੀਅਮ ‘ਤੇ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਹੋਣ ਵਾਲੇ ਸੈਮੀਫਾਈਨਲ ਮੈਚ ‘ਤੇ ਹੋਣਗੀਆਂ। ਇਸ ਮੈਚ ਨੂੰ ਜਿੱਤ ਕੇ ਜਿੱਥੇ ਭਾਰਤੀ ਟੀਮ ਚੌਥੀ ਵਾਰ ਫਾਈਨਲ ‘ਚ ਐਂਟਰੀ ਕਰਨਾ ਚਾਹੇਗੀ, ਉੱਥੇ ਹੀ ਨਿਊਜ਼ੀਲੈਂਡ ਦੀ ਟੀਮ 2015 ਦਾ ਇਤਿਹਾਸ ਇੱਕ ਵਾਰ ਫੇਰ ਤੋਂ ਦਹੁਰਾਉਣਾ ਚਾਹੇਗੀ।
ਭਾਰਤੀ ਟੀਮ ਇਸ ਤੋਂ ਪਹਿਲਾਂ ਦੋ ਵਾਰ ਵਰਲਡ ਕੱਪ ਜਿੱਤ ਚੁੱਕੀ ਹੈ। ਆਈਸੀਸੀ ਵਰਲਡ ਕੱਪ 2019 ‘ਚ ਭਾਰਤੀ ਟੀਮ ਦਾ ਹੁਣ ਤਕ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਇਸ ਵਰਲਡ ਕੱਪ ‘ਚ ਆਈਸੀਸੀ ਦਾ ਪੂਰਾ ਜ਼ੋਰ ਪਿੱਚ ਬਣਾਉਣ ‘ਤੇ ਸੀ ਤਾਂ ਜੋ 100 ਓਵਰਾਂ ਦਾ ਖੇਡ ਤੇ ਦੋਵੇਂ ਟੀਮਾਂ ਨੂੰ ਬਾਰਬਰੀ ਦਾ ਮੌਕਾ ਮਿਲ ਸਕੇ। ਇਸ ‘ਚ ਆਈਸੀਸੀ ਨਾਕਾਮਯਾਬ ਰਿਹਾ ਹੈ। ਟੂਰਨਾਮੈਂਟ ਦੇ ਆਖਰੀ 20 ਮੈਚਾਂ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 16 ਵਾਰ ਜਿੱਤੀ ਹੈ ਤੇ ਦੂਜੀ ਪਾਰੀ ‘ਚ ਬੱਲੇਬਾਜ਼ੀ ਕਰਨ ਵਾਲੀ ਟੀਮ ਸਿਰਫ 4 ਮੈਚ ਜਿੱਤੀ ਹੈ।
ਅੱਜ ਦੇ ਸੈਮੀਫਾਈਨਲ ਲਈ ਪਿਚ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ। ਇਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਟੀਮਾਂ ਨੂੰ ਪਿੱਚ ਦਾ ਬਰਾਬਰ ਫਾਇਦਾ ਮਿਲੇਗਾ। ਇਸ ਦੇ ਨਾਲ ਹੀ ਇਸ ਵਰਲਡ ਕੱਫ ‘ਚ ਭਾਰਤੀ ਟੀਮ ਮੈਨਚੈਸਟਰ ਦੇ ਓਲਡ ਟੈਫੋਰਡ ਸਟੇਡੀਅਮ ‘ਤੇ ਦੋ ਮੈਚ ਖੇਡ ਚੁੱਕੀ ਹੈ ਤੇ ਭਾਰਤ ਨੇ ਹੀ ਇਹ ਮੈਚ ਜਿੱਤੇ ਹਨ। ਇਸ ਪਿੱਚ ‘ਤੇ ਤੇਜ਼ ਗੇਂਦਬਾਜ਼ ਜ਼ਿਆਦਾ ਕਾਮਯਾਬ ਹਨ ਜਿਨ੍ਹਾਂ ਨੇ ਇੱਥੇ 63 ਵਿਕਟਾਂ ਹਾਸਲ ਕੀਤੀਆਂ ਹਨ ਤੇ ਸਪਿਨ ਗੇਂਦਬਾਜ਼ਾਂ ਨੇ 25 ਵਿਕਟਾਂ ਲਈਆਂ ਹਨ।
ਓਲਡ ਦੇ ਮੈਦਾਨ ‘ਚ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਲ ਨਾਲ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਵੀ ਖੂਬ ਚੱਲਦਾ ਹੈ। ਇਸ ਮੈਦਾਨ ‘ਚ ਰੋਹਿਤ ਸ਼ਰਮਾ ਨੇ ਪਾਕਿਸਤਾਨ ਖਿਲਾਫ 140 ਦੌੜਾਂ ਦੀ ਪਾਰੀ ਖੇਡੀ ਸੀ ਜਦਕਿ ਵਿਰਾਟ ਨੇ 77 ਦੌੜਾਂ ਦੀ ਪਾਰੀ ਖੇਡੀ ਸੀ।
ਓਲਡ ਟੈਫੋਰਡ ‘ਚ ਪਿਛਲੇ 40 ਸਾਲ ਤੋਂ ਭਾਰਤ ਦਾ ਦਬਦਬਾ ਹੈ। ਇੱਥੇ ਹੁਣ ਤਕ ਭਾਰਤ ਨੇ ਸੱਤ ਮੈਚ ਖੇਡੇ ਹਨ ਜਿਸ ‘ਚ ਟੀਮ ਨੂੰ ਪੰਜ ‘ਚ ਜਿੱਤ ਮਿਲੀ ਹੈ। ਇਹ ਰਿਕਾਰਡ ਅੱਜ ਦੇ ਮੈਚ ‘ਚ ਭਾਰਤ ਦੀ ਦਾਅਵੇਦਾਰੀ ਨੂੰ ਹੋਰ ਮਜ਼ਬੂਤ ਕਰਦੇ ਹਨ। ਇੱਥੇ ਭਾਰਤੀ ਟੀਮ ਆਖਰੀ ਵਾਰ 1979 ‘ਚ ਹਾਰੀ ਸੀ।