ਇਸਲਾਮਾਬਾਦ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦਾ ਦੁਨੀਆ ਭਰ ‘ਚ ਮਜ਼ਾਕ ਉੱਡ ਰਿਹਾ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ ਇੱਕ ਏਅਰ ਹੋਸਟੇਸ ਕੈਨੇਡਾ ਦੇ ਟਾਰਾਂਟੋ ਏਅਰਪੋਰਟ ਤੋਂ ਲਾਪਤਾ ਹੋ ਗਈ ਹੈ। ਇਸ ਤੋਂ ਪਹਿਲਾਂ ਪੀਆਈਏ ‘ਚ ਕੰਮ ਕਰਨ ਵਾਲਾ ਇੱਕ ਕਰਮਚਾਰੀ ਵੀ ਇੱਥੋਂ ਲਾਪਤਾ ਹੋ ਗਿਆ ਸੀ।
ਪੀਆਈਏ ਦੇ ਬੁਲਾਰੇ ਨੇ ਏਅਰ ਹੋਸਟੇਸ ਦੇ ਲਾਪਤਾ ਹੋਣ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਇਸ ਘਟਨਾ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੀਓ ਨਿਊਜ਼ ਦੀ ਇਕ ਰਿਪੋਰਟ ਦੇ ਅਨੁਸਾਰ ਏਅਰ ਹੋਸਟੇਸ ਟੋਰਾਂਟੋ ਤੋਂ ਫਲਾਈਟ ਨੰਬਰ ਪੀਕੇ -797 ‘ਤੇ ਕਰਾਚੀ ਪਹੁੰਚੀ ਸੀ ਤੇ ਫਿਰ ਵਾਪਸ ਕਰਾਚੀ ਜਾਣ ਵਾਲੀ ਉਡਾਣ ‘ਤੇ ਡਿਊਟੀ ‘ਤੇ ਵਾਪਸ ਨਹੀਂ ਪਰਤੀ। ਬੁਲਾਰੇ ਅਨੁਸਾਰ ਪੀਆਈਏ ਪ੍ਰਬੰਧਨ ਨੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੈਨੇਡਾ ਦੀ ਇਮੀਗ੍ਰੇਸ਼ਨ ਐਂਡ ਏਅਰਪੋਰਟ ਅਥਾਰਟੀ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਏਅਰ ਹੋਸਟੇਸ ਨੇ ਉਥੇ ਨਾਗਰਿਕਤਾ ਹਾਸਲ ਕਰਨ ਲਈ ਅਜਿਹਾ ਕੀਤਾ ਹੈ। ਕੁਝ ਦਿਨ ਪਹਿਲਾਂ ਪਾਕਿਸਤਾਨ ਦਾ ਇਕ ਜਹਾਜ਼ ਮਲੇਸ਼ੀਆ ਨੇ ਲੀਜ਼ ਦੀ ਰਕਮ ਨਾ ਅਦਾ ਕਰਨ ਕਰਕੇ ਜ਼ਬਤ ਕਰ ਲਿਆ ਸੀ।