ਨਿਊਯਾਰਕ- ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੀ ਰਾਜਧਾਨੀ ਓਲੰਪੀਆ ਵਿੱਚ ਸਟੇਟ ਕੈਪੀਟਲ ’ਚ ਪਹਿਲੀ ਵਾਰ ਵਿਸਾਖੀ ਮਨਾਈ ਗਈ। ਇਸ ਮੌਕੇ ਇਸ ਭਾਰਤੀ ਤਿਓਹਾਰ ਦੇ ਸਬੰਧ ਵਿੱਚ ਵਿਸ਼ੇਸ਼ ਐਲਾਨ ਵੀ ਕੀਤੇ ਗਏ। ਸਿਆਟਲ ਸਥਿਤ ਭਾਰਤ ਦੇ ਕੌਂਸੁਲੇਟ ਜਨਰਲ ਵੱਲੋਂ ਜਾਰੀ ਬਿਆਨ ਮੁਤਾਬਕ ਦੂਤਾਵਾਸ ਵੱਲੋਂ ਓਲੰਪੀਆ ਵਿੱਚ ਪਹਿਲੀ ਵਾਰ ਵਿਸਾਖੀ ਮਨਾਈ ਗਈ। ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਵਾਸ਼ਿੰਗਟਨ ਸੂਬੇ ਦੇ ਗਵਰਨਰ ਬੌਬ ਫਰਗਿਊਸਨ, ਲੈਫਟੀਨੈਂਟ ਗਵਰਨਰ ਡੈਨੀ ਹੈਕ, ਵਿਦੇਸ਼ ਮੰਤਰੀ ਸਟੀਵ ਹੌਬਸ ਅਤੇ ਸੈਨੇਟਰਾਂ ਦੇ ਨਾਲ-ਨਾਲ ਵਾਸ਼ਿੰਗਟਨ ਵਿੱਚ ਰਹਿਣ ਵਾਲੇ ਸਿੱਖਾਂ ਦੇ ਪ੍ਰਮੁੱਖ ਮੈਂਬਰ ਸ਼ਾਮਲ ਹੋਏ। ਇਹ ਪਹਿਲੀ ਵਾਰ ਹੈ ਜਦੋਂ ਸਟੇਟ ਕੈਪੀਟਲ ਵਿੱਚ ਵਿਸਾਖੀ ਮਨਾਈ ਗਈ। ਸਭਾ ਨੂੰ ਸੰਬੋਧਨ ਕਰਦੇ ਹੋਏ ਗਵਰਨਰ ਫਰਗਿਊਸਨ ਨੇ ਵਾਸ਼ਿੰਗਟਨ ਸੂਬੇ ਦੇ ਵਿਕਾਸ ਵਿੱਚ ਭਾਰਤੀ-ਅਮਰੀਕੀ ਸਿੱਖਾਂ ਦੇ ਯੋਗਦਾਨ ਅਤੇ ਓਲੰਪੀਆ ਵਿੱਚ ਵਿਸਾਖੀ ਸਬੰਧੀ ਸਮਾਰੋਹ ਕਰਵਾਉਣ ਦੀ ਸ਼ਲਾਘਾ ਕੀਤੀ। ਵਿਸ਼ੇਸ਼ ਪਹਿਲ ਤਹਿਤ ਵਾਸ਼ਿੰਗਟਨ ਸੂਬੇ ਦੇ ਗਵਰਨਰ ਨੇ ਵਿਸਾਖੀ ਮੌਕੇ ਵਿਸ਼ੇਸ਼ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਗਰੇਟਰ ਸਿਆਟਲ ਖੇਤਰ ਅਧੀਨ ਆਉਣ ਵਾਲੇ 39 ਸ਼ਹਿਰਾਂ ਨੂੰ ਸ਼ਾਮਲ ਕਰਨ ਵਾਲੇ ਕਿੰਗ ਕਾਊਂਟੀ, ਸਨੋਹੋਮਿਸ਼ ਕਾਊਂਟੀ ਅਤੇ ਕੈਂਟ, ਔਬਰਨ ਅਤੇ ਮੈਰੀਸਵਿਲੇ ਸ਼ਹਿਰਾਂ ਨੇ ਵੀ 14 ਅਪਰੈਲ ਨੂੰ ਵਿਸਾਖੀ ਦਿਹਾੜੇ ਦਾ ਐਲਾਨ ਕਰਦੇ ਹੋਏ ਵਿਸ਼ੇਸ਼ ਐਲਾਨ ਕੀਤੇ।
ਵਾਸ਼ਿੰਗਟਨ ਸੂਬੇ ਵਿੱਚ ਵੱਡੀ ਗਿਣਤੀ ’ਚ ਭਾਰਤੀ-ਅਮਰੀਕੀ ਸਿੱਖਾਂ ਦੇ ਮੈਂਬਰ ਰਹਿੰਦੇ ਹਨ ਜੋ ਛੋਟੇ ਤੇ ਮੱਧਮ ਉਦਯੋਗਾਂ ਅਤੇ ਕਾਰੋਬਾਰਾਂ ਵਿੱਚ ਲੱਗੇ ਹੋਏ ਹਨ। ਇਸ ਮੌਕੇ ਸਿੱਖਾਂ ਦੇ ਕੁਝ ਪ੍ਰਮੁੱਖ ਮੈਂਬਰਾਂ ਨੂੰ ਉਨ੍ਹਾਂ ਦੇ ਸਕਾਰਾਤਮਕ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ।