Ozone layer hole: ਵਾਸ਼ਿੰਗਟਨ: ਇੱਕ ਪਾਸੇ ਜਿੱਥੇ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਲਾਗੂ ਕੀਤੇ ਲਾਕਡਾਊਨ ਕਾਰਨ ਧਰਤੀ ਦੀ ਓਜ਼ੋਨ ਪਰਤ ‘ਤੇ ਬਣਿਆ ਵੱਡਾ ਛੇਦ ਆਪਣੇ ਆਪ ਹੀ ਠੀਕ ਹੋ ਗਿਆ ਹੈ । ਇਸ ਸਬੰਧੀ ਵਿਗਿਆਨੀਆਂ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਆਰਕਟਿਕ ਦੇ ਉੱਪਰ ਬਣਿਆ ਇੱਕ ਮਿਲੀਅਨ ਵਰਗ ਕਿਲੋਮੀਟਰ ਦਾ ਵੱਡਾ ਛੇਦ ਹੁਣ ਬੰਦ ਹੋ ਗਿਆ ਹੈ । ਇਸ ਸਬੰਧੀ ਮੰਨਿਆ ਜਾ ਰਿਹਾ ਸੀ ਕਿ ਇਹ ਛੇਦ ਉੱਤਰੀ ਧਰੁਵ ‘ਤੇ ਘੱਟ ਤਾਪਮਾਨ ਹੋਣ ਕਾਰਨ ਬਣਿਆ ਸੀ । ਜਿਸਨੂੰ ਵਿਗਿਆਨੀਆਂ ਵੱਲੋਂ ਇਤਿਹਾਸ ਦਾ ਸਭ ਤੋਂ ਵੱਡਾ ਛੇਦ ਕਰਾਰ ਦਿੱਤਾ ਗਿਆ ਸੀ ।
ਦਰਅਸਲ, ਓਜ਼ੋਨ ਪਰਤ ਸੂਰਜ ਦੀਆਂ ਖਤਰਨਾਕ ਅਲਟਰਾਵਾਇਲਟ ਕਿਰਨਾਂ ਤੋਂ ਧਰਤੀ ਦੀ ਰੱਖਿਆ ਕਰਦੀ ਹੈ, ਜੋ ਚਮੜੀ ਦੇ ਕੈਂਸਰ ਦਾ ਪ੍ਰਮੁੱਖ ਕਾਰਨ ਹੈ । ਜੇਕਰ ਇਹ ਛੇਦ ਦੱਖਣ ਦੀ ਆਬਾਦੀ ਵੱਲ ਵੱਧਦਾ ਤਾਂ ਇਸ ਨਾਲ ਇਨਸਾਨਾਂ ਲਈ ਸਿੱਧਾ ਖਤਰਾ ਪੈਦਾ ਹੋ ਜਾਂਦਾ । ਇਸ ਬਾਰੇ ਯੂਰਪੀ ਕਮਿਸ਼ਨ ਵੱਲੋਂ ਲਾਗੂ ਕੀਤੇ ਗਏ Copernicus Atmosphere Monitoring Service (CAMS) ਅਤੇ Copernicus Change Service ਨੇ ਪੁਸ਼ਟੀ ਕੀਤੀ ਹੈ ਕਿ ਉੱਤਰੀ ਧਰੁਵ ਤੇ ਬਣਿਆ ਇਹ ਛੇਦ ਖੁਦ ਹੀ ਠੀਕ ਹੋ ਗਿਆ ਹੈ ।
ਜ਼ਿਕਰਯੋਗ ਹੈ ਕਿ ਕੋਰੋਨਾ ਨੂੰ ਰੋਕਣ ਲਈ ਲਾਗੂ ਲਾਕਡਾਊਨ ਕਾਰਨ ਧਰਤੀ ਦੀ ਓਜ਼ੋਨ ਪਰਤ ਵਿੱਚ ਛੇਦ ਦੇ ਖੁਦ ਠੀਕ ਹੋਣ ਦਾ ਪ੍ਰਦੂਸ਼ਣ ਵਿੱਚ ਆਈ ਕਮੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ । ਇਸ ਦੀ ਬਜਾਏ ਇਹ ਪੋਲਸ ਵੋਰਟੈਕਸ ਕਾਰਨ ਹੋਇਆ ਹੈ ਜੋ ਧਰੁਵੀ ਖੇਤਰਾਂ ਵਿੱਚ ਠੰਡੀ ਹਵਾ ਲਿਆਉਂਦਾ ਹੈ ।
ਦੱਸ ਦੇਈਏ ਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੋਰਟੈਕਸ ਦੇ ਨਤੀਜੇ ਵਜੋਂ ਸਟ੍ਰੈਟੋਸਫੇਰਿਕ ਬੱਦਲਾਂ ਦੀ ਉਤਪਤੀ ਹੋਈ ਹੈ ਜਿਸ ਨੇ CFC ਗੈਸਾਂ ਦੇ ਨਾਲ ਪ੍ਰਤੀਕਿਰਿਆ ਕਰਕੇ ਓਜ਼ੋਨ ਪਰਤ ਨੂੰ ਨਸ਼ਟ ਕਰ ਦਿੱਤਾ ਹੈ । ਜਿਸ ਕਾਰਨ 1987 ਵਿੱਚ ਮਾਂਟਰੀਅਲ ਪ੍ਰੋਟੋਕਾਲ ਵਿੱਚ CFC ਗੈਸਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਸੀ । ਹੁਣ ਪੋਲਰ ਵੋਰਟੈਕਸ ਕਮਜ਼ੋਰ ਪੈ ਗਿਆ ਹੈ ਜਿਸ ਦੇ ਕਾਰਨ ਓਜ਼ਨ ਪਰਤ ਵਿਚ ਸਧਾਰਨ ਸਥਿਤੀ ਵਾਪਸ ਆਈ ਹੈ ।