ਜਾਨਵਰਾਂ ਨੂੰ ਜਲਵਾਯੂ ਪਰਿਵਰਤਨ ਤੋਂ ਬਚਾਉਣ ਲਈ ਵਿਗਿਆਨੀਆਂ ਨੇ ਜੀਨ ਐਡਿਟਿੰਗ ਦਾ ਤਰੀਕਾ ਚੁਣਿਆ ਹੈ। ਇਸ ਸਬੰਧੀ ਗਾਵਾਂ ‘ਤੇ ਪ੍ਰਯੋਗ ਕੀਤਾ ਗਿਆ ਹੈ। ਆਮ ਤੌਰ ‘ਤੇ ਇਨ੍ਹਾਂ ਦੇ ਸਰੀਰ ‘ਤੇ ਕਾਲੇ ਧੱਬੇ ਦਿਖਾਈ ਦਿੰਦੇ ਹਨ। ਵਿਗਿਆਨੀਆਂ ਨੇ ਜੀਨ ਐਡਿਟਿੰਗ ਤਕਨੀਕ ਨਾਲ ਇਨ੍ਹਾਂ ਦਾ ਰੰਗ ਗ੍ਰੇਅ ਕਰ ਦਿੱਤਾ ਹੈ। ਇਹ ਪ੍ਰਯੋਗ ਕਰਨ ਵਾਲੇ ਨਿਊਜ਼ੀਲੈਂਡ ਦੇ ਰੁਆਕੁਰਾ ਖੋਜ ਸੈਂਟਰ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਜਲਵਾਯੂ ਪਰਿਵਰਤਨ ਦਾ ਅਸਰ ਵਧਣ ‘ਤੇ ਤਾਪਮਾਨ ਵਧੇਗਾ। ਅਜਿਹੇ ‘ਚ ਗਾਵਾਂ ਦੇ ਸਰੀਰ ‘ਤੇ ਇਹ ਗ੍ਰੇਅ ਰੰਗ ਗਰਮਾਹਟ ਘੱਟ ਪੈਦਾ ਕਰੇਗਾ ਤੇ ਨੁਕਸਾਨ ਘੱਟ ਪਹੁੰਚੇਗਾ।
ਕੀ ਹੈ ਜੀਨ ਐਡੀਟਿੰਗ:
ਜੀਨ ਐਡੀਟਿੰਗ ਦੀ ਮਦਦ ਨਾਲ ਡੀਐਨਏ ‘ਚ ਬਦਲਾਅ ਕੀਤਾ ਜਾਂਦਾ ਹੈ। ਸੌਖੀ ਭਾਸ਼ਾ ‘ਚ ਸਮਝੋ ਤਾਂ ਭਰੂਣ ਜੀਨ ਦਾ ਡਿਫੈਕਟਡ, ਗੜਬੜ ਜਾਂ ਗੈਰਜ਼ਰੂਰੀ ਹਿੱਸਾ ਹਟਾ ਦਿੱਤਾ ਜਾਂਦਾ ਹੈ ਤਾਂ ਕਿ ਅਗਲੀ ਪੀੜ੍ਹੀ ‘ਚ ਇਸ ਦਾ ਗਲਤ ਅਸਰ ਨਾ ਦਿਖੇ। ਇਸ ਤਕਨੀਕ ਦੀ ਮਦਦ ਨਾਲ ਕਈ ਰੋਗਾਂ ‘ਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ।
ਵਿਗਿਆਨੀਆਂ ਨੇ ਲੈਬ ‘ਚ ਵੱਛੇ ਦੇ 2 ਭਰੂਣ ਤਿਆਰ ਕੀਤੇ। ਜੀਨ ਐਡੀਟਿੰਗ ਜ਼ਰੀਏ ਭਰੂਣ ਦੇ ਜੀਨ ਦਾ ਉਹ ਹਿੱਸਾ ਹਟਾ ਦਿੱਤਾ, ਜੋ ਕਾਲੇ ਰੰਗ ਦੇ ਧੱਬਿਆਂ ਜ਼ਿੰਮੇਵਾਰ ਹੈ। ਫਿਰ ਇਸ ਭਰੂਣ ਨੂੰ ਗਾਂ ‘ਚ ਟ੍ਰਾਂਸਫਰ ਕੀਤਾ। ਗਾਂ ਨੇ ਦੋ ਵੱਛਿਆਂ ਨੂੰ ਜਨਮ ਦਿੱਤਾ। ਚਾਰ ਮਹੀਨੇ ਬਾਅਦ ਦੋ ‘ਚੋਂ ਇੱਕ ਵੱਛੇ ਦੀ ਮੌਤ ਹੋ ਗਈ। ਇਕ ਵੱਛੇ ਦੇ ਸਰੀਰ ‘ਤੇ ਗ੍ਰੇਅ ਰੰਗ ਦੇ ਧੱਬੇ ਸਨ।
ਵਿਗਿਆਨੀਆਂ ਦਾ ਦਾਅਵਾ ਹੈ ਕਿ ਕਾਲਾ ਰੰਗ ਸੂਰਜ ਦੀ ਰੌਸ਼ਨੀ ਤੋਂ ਨਿੱਕਲੀ ਗਰਮਾਹਟ ਨੂੰ ਜ਼ਿਆਦਾ ਖਿੱਚਦਾ ਹੈ। ਜਦੋਂ ਸੂਰਜ ਦੀਆਂ ਕਿਰਨਾਂ ਜਾਨਵਰਾਂ ‘ਤੇ ਪੈਂਦੀਆਂ ਹਨ ਤਾਂ ਕਾਲੇ ਧੱਬਿਆਂ ਵਾਲਾ ਹਿੱਸਾ ਇਨ੍ਹਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਇਹ ਹੀਟ ਤਣਾਅ ਦਾ ਕਾਰਨ ਬਣਦੀ ਹੈ। ਹੀਟ ਤਣਾਅ ਦਾ ਬੁਰਾ ਅਸਰ ਜਾਨਵਰਾਂ ‘ਚ ਦੁੱਧ ਦੀ ਮਾਤਰਾ ਤੇ ਵੱਛਿਆਂ ਨੂੰ ਪੈਦਾ ਕਰਨ ਦੀ ਸਮਰੱਥਾ ‘ਤੇ ਪੈਂਦਾ ਹੈ।
ਖੋਜ ਮੁਤਾਬਕ ਗਰਮੀਆਂ ਦੇ ਮਹੀਨੇ ‘ਚ ਡੇਅਰੀ ਫਾਰਮ ਦੇ ਜਾਨਵਰ 25 ਤੋਂ 65 ਡਿਗਰੀ ਫਾਰੇਨਹਾਈਟ ਤਾਪਮਾਨ ਤਕ ਗਰਮੀ ਸਹਿਣ ਕਰ ਲੈਂਦੇ ਹਨ ਪਰ ਜਦੋਂ ਤਾਪਮਾਨ 80 ਡਿਗਰੀ ਫਾਰੇਨਹਾਈਟ ਤਕ ਪਹੁੰਚ ਜਾਂਦਾ ਹੈ ਤਾਂ ਹੀਟ ਸਟ੍ਰੈਸ ਵਧ ਜਾਂਦਾ ਹੈ। ਨਤੀਜਾ, ਪਸ਼ੂ ਚਾਰਾ ਖਾਣਾ ਘੱਟ ਕਰ ਦਿੰਦੇ ਹਨ। ਇਸ ਕਾਰਨ ਦੁੱਧ ਦਾ ਉਤਪਾਦਨ ਘਟ ਜਾਂਦਾ ਹੈ। ਹੀਟ ਸਟ੍ਰੈਸ ਕਾਰਨ ਜਾਨਵਰਾਂ ਦੀ ਫਰਟੀਲਿਟੀ ‘ਤੇ ਵੀ ਬੁਰਾ ਅਸਰ ਪੈਂਦਾ ਹੈ।