ਕੋਰੋਨਾ ਵਾਇਰਸ ਦਾ ਅਸਰਦਾਰ ਇਲਾਜ ਲੱਭਣ ਲਈ ਵਿਗਿਆਨੀ ਦਿਨ-ਰਾਤ ਕੰਮ ਕਰ ਰਹੇ ਹਨ। ਇਨ੍ਹਾਂ ਖੋਜ ਕਾਰਜਾਂ ‘ਚ ਵੱਡੀਆਂ ਕਾਮਯਾਬੀਆਂ ਵੀ ਮਿਲ ਰਹੀਆਂ ਹਨ। ਹੁਣੇ ਜਿਹੇ ਵਿਗਿਆਨੀਆਂ ਨੇ ਮਨੁੱਖੀ ਸ਼ਰੀਰ ‘ਚ ਹੀ ਅਜਿਹੀਆਂ ਐਂਟੀਬਾਡੀ ਦੀ ਪਛਾਣ ਕੀਤੀ ਹੈ, ਜਿਹੜੀਆਂ ਕੋਰੋਨਾ ਵਾਇਰਸ ਦੇ ਹਰ ਵੇਰੀਐਂਟ ‘ਤੇ ਕਾਰਗਰ ਹੋ ਸਕਦੀਆਂ ਹਨ। ਹੁਣ ਇਸ ਐਂਟੀਬਾਡੀ ਨਾਲ ਵੈਕਸੀਨ ਬਣਾਉਣ ਦਾ ਅਧਿਐਨ ਕੀਤਾ ਜਾ ਰਿਹਾ ਹੈ, ਜਿਹੜਾ ਕੋਰੋਨਾ ਦੇ ਇਲਾਜ ‘ਚ ਸੌ ਫ਼ੀਸਦੀ ਕਾਰਗਰ ਹੋ ਸਕੇ। ਇਹ ਐਂਟੀਬਾਡੀ ਉਨ੍ਹਾਂ ਲੋਕਾਂ ਦੇ ਸ਼ਰੀਰ ‘ਚ ਮਿਲੀ ਹੈ, ਜਿਹੜੇ ਕੋਰੋਨਾ ਵਾਇਰਸ ਦੀ ਚਪੇਟ ‘ਚ ਆਉਣ ਤੋਂ ਬਾਅਦ ਠੀਕ ਹੋ ਚੁੱਕੇ ਹਨ।
ਯੂਨੀਵਰਸਿਟੀ ਆਫ ਵਾਸ਼ਿੰਗਟਨ ਦਾ ਇਹ ਅਧਿਐਨ ਜਰਨਲ ਸਾਇੰਸ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ਮੁਤਾਬਕ ਖੋਜੀਆਂ ਨੇ ਕੋਰੋਨਾ ਤੋਂ ਠੀਕ ਹੋਏ ਲੋਕਾਂ ‘ਚ ਪੰਜ ਤਰ੍ਹਾਂ ਦੇ ਮੋਨੋਕਲੋਨਲ ਐਂਟੀਬਾਡੀ ਦੀ ਪਛਾਣ ਕੀਤੀ ਹੈ, ਜਿਹੜੇ ਕਈ ਤਰ੍ਹਾਂ ਦੇ ਕੋਰੋਨਾ ਵਾਇਰਸ ਵੇਰੀਐਂਟ ਨਾਲ ਕ੍ਰਾਸ ਰਿਐਕਸ਼ਨ ਕਰ ਕੇ ਉਨ੍ਹਾਂ ਨੂੰ ਨਕਾਰਾ ਕਰਨ ‘ਚ ਸਮਰੱਥ ਹਨ। ਕੋਰੋਨਾ ਤੋਂ ਠੀਕ ਹੋਏ ਲੋਕਾਂ ‘ਚ ਮਿਲੀਆਂ ਪੰਜ ਤਰ੍ਹਾਂ ਦੀਆਂ ਐਂਟੀਬਾਡੀ ਸਾਰੇ ਵੇਰੀਐਂਟ ਨੂੰ ਖ਼ਤਮ ਕਰਨ ‘ਚ ਕਾਰਗਰ ਹੋਣ ‘ਤੇ ਵਿਗਿਆਨੀ ਉਤਸ਼ਾਹਤ ਹਨ। ਇਸ ਅਧਿਐਨ ਨਾਲ ਅੱਗੇ ਵਧਦੇ ਹੋਏ ਵਿਗਿਆਨੀ ਐਂਟੀਬਾਡੀ ਤੋਂ ਵੈਕਸੀਨ ਬਣਾਉਣ ਦੀ ਸੰਭਾਵਨਾ ਲੱਭ ਰਹੇ ਹਨ। ਅਧਿਐਨ ਕਰਤਾਵਾਂ ਦਾ ਮੰਨਣਾ ਹੈ ਕਿ ਇਸ ਖੋਜ ਦੇ ਆਧਾਰ ‘ਤੇ ਅਜਿਹੀ ਵੈਕਸੀਨ ਤਿਆਰ ਹੋ ਸਕਦੀ ਹੈ, ਜਿਹੜੀ ਕੋਰੋਨਾ ਦੇ ਇਲਾਜ ਲਈ ਸੌ ਫ਼ੀਸਦੀ ਕਾਰਗਰ ਹੋਵੇਗੀ। ਕਿਸੇ ਨਵੇਂ ਵੇਰੀਐਂਟ ‘ਤੇ ਕਾਰਗਰ ਨਾ ਹੋਣ ਦਾ ਖ਼ਦਸ਼ਾ ਵੀ ਰਹੇਗਾ।