ਅਜਨਾਲਾ ਦੇ ਸੁਧਾਰ ਪਿੰਡ ਵਾਸੀ ਭੁਪਿੰਦਰ ਕੌਰ ਨੇ ਦੋਸ਼ ਲਾਇਆ ਕਿ ਕੈਨੇਡਾ ਬੈਠੇ ਉਨ੍ਹਾਂ ਦੇ ਜਵਾਈ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਦੀ ਬੇਟੀ ਨਵਜੋਤ ਕੌਰ ਨਾਲ ਕੁੱਟਮਾਰ ਕਰ ਕੇ ਦੋ ਵਾਰ ਗਰਭਪਾਤ ਕਰ ਦਿੱਤਾ ਹੈ। ਦੋਸ਼ ਹੈ ਕਿ ਜ਼ਿਆਦਾ ਦਾਜ ਨਾ ਮਿਲਣ ‘ਤੇ ਮੁਲਜ਼ਮ ਜਵਾਈ ਨੇ ਉਨ੍ਹਾਂ ਦੀ ਬੇਟੀ ਨੂੰ ਹੁਣ ਕੈਨੇਡਾ ਦੀ ਕੋਰਟ ਵੱਲੋਂ ਤਲਾਕ ਦਾ ਨੋਟਿਸ ਵੀ ਭੇਜਿਆ ਹੈ। ਉੱਧਰ, ਐੱਨਆਰਆਈ ਥਾਣੇ ਦੀ ਪੁਲਿਸ ਨੇ ਅਜਨਾਲਾ ਥਾਣੇ ਅਧੀਨ ਪੈਂਦੇ ਪਿੰਡ ਫੁਲੇ ਚੱਕ ਵਾਸੀ ਗੁਰਪ੍ਰਰੀਤ ਸਿੰਘ, ਉਸ ਦੀ ਮਾਂ ਰਣਬੀਰ ਕੌਰ ਤੇ ਪਿਤਾ ਦਿਲਬਾਗ ਸਿੰਘ ਖ਼ਿਲਾਫ਼ ਦਾਜ ਦੀ ਮੰਗ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਦੀ ਛੇਤੀ ਗਿ੍ਫ਼ਤਾਰੀ ਕੀਤੀ ਜਾਵੇ।
ਮੰਗਲਵਾਰ ਨੂੰ ਪ੍ਰਰੈੱਸ ਕਾਨਫਰੰਸ ਵਿਚ ਸਮਾਜ ਸੇਵਿਕਾ ਮਨਦੀਪ ਕੌਰ ਤੇ ਪੀੜਤ ਪਰਿਵਾਰ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਬੇਟੀ ਨਵਜੋਤ ਕੌਰ ਦਾ ਵਿਆਹ ਗੁਰਪ੍ਰਰੀਤ ਸਿੰਘ ਨਾਲ ਕੀਤਾ ਸੀ। ਵਿਆਹ ਵਿਚ 40 ਲੱਖ ਰੁਪਏ ਤੋਂ ਜ਼ਿਆਦਾ ਖ਼ਰਚ ਅਤੇ ਦਾਜ ਦਿੱਤਾ ਗਿਆ ਸੀ। ਵਿਆਹ ਦੇ 15 ਦਿਨ ਬਾਅਦ ਹੀ ਮੁਲਜ਼ਮਾਂ ਨੇ ਉਨ੍ਹਾਂ ਦੀ ਬੇਟੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਪਹਿਲਾਂ ਬੇਟੀ ਤੇ ਫਿਰ ਜਵਾਈ ਨੂੰ ਆਪਣੇ ਖ਼ਰਚ ‘ਤੇ ਕੈਨੇਡਾ ਭੇਜ ਦਿੱਤਾ। ਕੈਨੇਡਾ ਪੁੱਜਣ ਤੋਂ ਬਾਅਦ ਜਵਾਈ ਨੇ ਆਪਣੇ ਮਾਤਾ-ਪਿਤਾ ਦੇ ਇਸ਼ਾਰੇ ‘ਤੇ ਨਵਜੋਤ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਘੱਟ ਦਾਜ ਲਿਆਉਣ ਨੂੰ ਲੈ ਕੇ ਤਾਅਨੇ ਮਾਰਨ ਲੱਗਾ। ਇੱਥੇ ਬੈਠੇ ਮੁਲਜ਼ਮ ਗੁਰਪ੍ਰਰੀਤ ਦੀ ਮਾਂ ਰਣਬੀਰ ਕੌਰ ਤੇ ਪਿਤਾ ਦਿਲਬਾਗ ਸਿੰਘ ਅਕਸਰ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕਰਦੇ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਬੇਟੀ ਨੂੰ ਤਲਾਕ ਦੇਣ ਦੀਆਂ ਧਮਕੀਆਂ ਦੇਣ ਲੱਗੇ। ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪੁਲਿਸ ਨੂੰ ਸਾਰੇ ਸਬੂਤ ਦਿੱਤੇ ਸਨ, ਲੇਕਿਨ ਪੁਲਿਸ ਨੇ ਐੱਫਆਈਆਰ ਵਿਚ ਤਿੰਨ ਲੋਕਾਂ ਦਾ ਨਾਂ ਦਰਜ ਨਹੀਂ ਕੀਤਾ ਹੈ। ਪਰਿਵਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।