bala devi join rangers: ਭਾਰਤੀ ਮਹਿਲਾ ਫੁਟਬਾਲ ਟੀਮ ਦੀ ਖਿਡਾਰਨ ਬਾਲਾ ਦੇਵੀ ਸਕਾਟਲੈਂਡ ਦੇ ਫੁੱਟਬਾਲ ਕਲੱਬ ਰੇਂਜਰਸ ਵਿੱਚ ਸ਼ਾਮਿਲ ਹੋ ਗਈ ਹੈ। ਬਾਲਾ ਦੇਵੀ ਅਤੇ ਸਕਾਟਲੈਂਡ ਦੇ ਕਲੱਬ ਵਿਚਾਲੇ 18 ਮਹੀਨਿਆਂ ਲਈ ਇੱਕ ਕਰਾਰਨਾਮਾ ਹੋਇਆ ਹੈ। 29 ਸਾਲਾ ਬਾਲਾ ਦੇਵੀ ਨੇ ਨਵੰਬਰ ਵਿੱਚ ਰੇਂਜਰਸ ਨਾਲ ਹੋਏ ਅਭਿਆਸ ਵਿੱਚ ਹਿੱਸਾ ਲਿਆ ਸੀ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਦੇ ਕਰਾਰਨਾਮੇ ਦਾ ਰਾਹ ਸਾਫ ਹੋ ਗਿਆ ਸੀ। ਇਸਦੇ ਨਾਲ ਬਾਲਾ ਦੇਵੀ ਪੇਸ਼ੇਵਰ ਫੁੱਟਬਾਲਰ ਬਣਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਜਾਵੇਗੀ।
ਬਾਲਾ ਦੇਵੀ ਰੇਂਜਰਸ ਲਈ ਖੇਡਣ ਵਾਲੀ ਪਹਿਲੀ ਏਸ਼ੀਅਨ ਅੰਤਰਰਾਸ਼ਟਰੀ ਫੁੱਟਬਾਲ ਬਣ ਜਾਵੇਗੀ। ਇਸ ਕਰਾਰਨਾਮੇ ਤੋਂ ਖੁਸ਼ ਬਾਲਾ ਦੇਵੀ ਨੇ ਕਿਹਾ, “ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇੱਕ ਦਿਨ ਦੁਨੀਆ ਦੇ ਸਭ ਤੋਂ ਵੱਡੇ ਕਲੱਬਾਂ ਲਈ ਯੂਰਪ ਵਿੱਚ ਫੁੱਟਬਾਲ ਖੇਡਾਂਗੀ। ਮੈਨੂੰ ਉਮੀਦ ਹੈ ਕਿ ਰੇਂਜਰਸ ਨਾਲ ਇਹ ਕਰਾਰਨਾਮਾ ਭਾਰਤ ਦੀਆਂ ਹਜ਼ਾਰਾਂ ਲੜਕੀਆਂ ਨੂੰ ਪ੍ਰੇਰਿਤ ਕਰੇਗਾ ਜੋ ਕਿ ਇੱਕ ਪੇਸ਼ੇ ਵਜੋਂ ਫੁੱਟਬਾਲਰ ਬਣ ਕਿ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੀਆਂ ਹਨ।”
ਬਾਲਾ ਦੇਵੀ ਇਸ ਸਮੇਂ ਭਾਰਤ ਦੀ ਮਹਿਲਾ ਫੁੱਟਬਾਲ ਟੀਮ ਲਈ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰੀ ਹੈ। ਬਾਲਾ ਨੇ 2010 ਤੋਂ ਹੁਣ ਤੱਕ ਕੁੱਲ 58 ਮੈਚਾਂ ਵਿੱਚ 52 ਗੋਲ ਕੀਤੇ ਹਨ। ਉਹ ਦੱਖਣੀ ਏਸ਼ੀਆ ਖੇਤਰ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਵਾਲੀ ਖਿਡਾਰੀ ਹੈ, ਆਪਣੇ ਸ਼ਾਨਦਾਰ ਅੰਤਰਰਾਸ਼ਟਰੀ ਕੈਰੀਅਰ ਵਿੱਚ ਬਾਲਾ ਦੇਵੀ ਨੇ ਭਾਰਤ ਦੀ ਰਾਸ਼ਟਰੀ ਫੁੱਟਬਾਲ ਟੀਮ ਦੀ ਕਪਤਾਨੀ ਵੀ ਕੀਤੀ ਹੈ। ਬਾਲਾ ਦੇਵੀ 15 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਭਾਰਤ ਲਈ ਖੇਡੀ ਸੀ।
ਘਰੇਲੂ ਫੁੱਟਬਾਲ ਵਿੱਚ ਵੀ ਬਾਲਾ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਉਸ ਨੇ ਘਰੇਲੂ ਮੈਚਾਂ ਵਿੱਚ 120 ਮੈਚਾਂ ਵਿੱਚ 100 ਤੋਂ ਵੱਧ ਗੋਲ ਕੀਤੇ ਹਨ। ਬਾਲਾ ਦੇਵੀ ਪਿੱਛਲੇ ਦੋ ਸੈਸ਼ਨਾਂ ਵਿੱਚ ਇੰਡੀਅਨ ਮਹਿਲਾ ਲੀਗ ਵਿੱਚ ਟੋਪ ਸਕੋਰਰ ਹੈ। ਬਾਲਾ ਨੂੰ 2015 ਅਤੇ 2016 ਵਿੱਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੁਆਰਾ ਮਹਿਲਾ ਪਲੇਅਰ ਆਫ ਦਿ ਈਅਰ ਪੁਰਸਕਾਰ ਵੀ ਦਿੱਤਾ ਗਿਆ ਸੀ।