ਭਾਰਤੀ ਕ੍ਰਿਕਟ ਟੀਮ 8 ਮਹੀਨਿਆਂ ਦੇ ਲੰਬੇ ਅੰਤਰਾਲ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਲਈ ਤਿਆਰ ਹੈ। ਟੀਮ ਇੰਡੀਆ 27 ਨਵੰਬਰ ਤੋਂ ਆਸਟਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ। ਟੀਮ ਇੰਡੀਆ ਨੂੰ ਆਸਟਰੇਲੀਆ ਦੌਰੇ ‘ਤੇ ਟੀ -20 ਅਤੇ ਟੈਸਟ ਸੀਰੀਜ਼ ਖੇਡਣੀ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਖਰੀ ਤਿੰਨ ਟੈਸਟ ਮੈਚਾਂ ‘ਚ ਹਿੱਸਾ ਨਹੀਂ ਲੈਣਗੇ। ਆਸਟਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਨੇ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਨੂੰ ਟੀਮ ਇੰਡੀਆ ਲਈ ਵੱਡਾ ਘਾਟਾ ਦੱਸਿਆ ਹੈ।
ਕੋਹਲੀ 17 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਭਾਗ ਲੈਣ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਐਡੀਲੇਡ ਤੋਂ ਘਰ ਪਰਤਣਗੇ। ਚੈਪਲ ਦਾ ਕਹਿਣਾ ਹੈ ਕਿ ਬਾਰਡਰ-ਗਾਵਸਕਰ ਟਰਾਫੀ ਦੇ ਆਖ਼ਰੀ ਤਿੰਨ ਮੈਚਾਂ ਵਿੱਚ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਭਾਰਤੀ ਟੀਮ ਦੇ ਬੱਲੇਬਾਜ਼ੀ ਕ੍ਰਮ ਵਿੱਚ ਇੱਕ ਵੱਡੀ ਕਮੀ ਛੱਡ ਦੇਵੇਗੀ।
ਚੈਪਲ ਨੇ ਕਿਹਾ, “ਜਦੋਂ ਕਪਤਾਨ ਕੋਹਲੀ ਪਹਿਲੇ ਟੈਸਟ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਵਾਪਸ ਚਲੇ ਜਾਣਗੇ, ਤਾਂ ਭਾਰਤ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਇਸ ਨਾਲ ਭਾਰਤੀ ਬੱਲੇਬਾਜ਼ੀ ਕ੍ਰਮ ਵਿੱਚ ਵੱਡੀ ਕਮੀ ਆਵੇਗੀ ਅਤੇ ਨਾਲ ਹੀ ਉਨ੍ਹਾਂ ਦੀ ਥਾਂ ਆਉਣ ਵਾਲੇ ਖਿਡਾਰੀ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਨਾਮ ਕਮਾਉਣ ਦਾ ਮੌਕਾ ਦੇਣਗੇ।”
ਚੈਪਲ ਦਾ ਮੰਨਣਾ ਹੈ ਕਿ ਇਸ ਸੀਰੀਜ਼ ‘ਚ ਖਿਡਾਰੀਆਂ ਦੀ ਚੋਣ ਬਹੁਤ ਮਹੱਤਵਪੂਰਨ ਹੋਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, “ਜਿਹੜੀ ਚੀਜ਼ ਸਾਨੂੰ ਇਕ ਦਿਲਚਸਪ ਮੈਚ ਵੱਲ ਲੈ ਜਾ ਰਹੀ ਹੈ, ਉਹ ਮਹੱਤਵਪੂਰਨ ਚੋਣ ਪ੍ਰਕਿਰਿਆ ਹੈ। ਨਤੀਜਾ ਦਰਸਾਏਗਾ ਕਿ ਬਹਾਦਰ ਚੋਣਕਾਰ ਕੌਣ ਹਨ।”