ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਅਕਸਰ ਭਾਰਤੀ ਕ੍ਰਿਕਟ ਟੀਮ ਤੇ ਖਿਡਾਰੀਆਂ ਨੂੰ ਲੈ ਕੇ ਆਪਣੀ ਰਾਏ ਦਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਬਹੁਤ ਹੀ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਦਾਨਿਸ਼ ਕਨੇਰੀਆ ਦਾ ਕਹਿਣਾ ਹੈ ਕਿ ਵਿਰਾਟ ਕੋਹਲੀ ਨੂੰ ਭਾਰਤੀ ਟੈਸਟ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਜਗ੍ਹਾ ਅਜਿੰਕੇ ਰਹਾਣੇ ਨੂੰ ਟੈਸਟ ਟੀਮ ਦਾ ਪੂਰਾ ਸਮਾਂ ਕਪਤਾਨ ਬਣਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਵਿਰਾਟ ਕੋਹਲੀ ਨੇ ਵੀ ਭਾਰਤੀ ਟੀ-20 ਟੀਮ ਦੀ ਕਪਤਾਨੀ ਛੱਡ ਦਿੱਤੀ ਸੀ ਅਤੇ ਫਿਰ ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਕਪਤਾਨੀ ਸੌਂਪੀ ਗਈ ਸੀ।
ਆਪਣੇ ਯੂ-ਟਿਊਬ ਚੈਨਲ ‘ਤੇ ਗੱਲਬਾਤ ਕਰਦੇ ਹੋਏ ਦਾਨਿਸ਼ ਕਨੇਰੀਆ ਨੇ ਕਿਹਾ ਕਿ ਜੇਕਰ ਵਿਰਾਟ ਕੋਹਲੀ ਟੈਸਟ ਟੀਮ ‘ਚ ਆਉਂਦੇ ਹਨ ਤਾਂ ਵੀ ਉਨ੍ਹਾਂ ਨੂੰ ਕਪਤਾਨੀ ਨਹੀਂ ਦਿੱਤੀ ਜਾਵੇਗੀ ਤੇ ਉਹ ਇਕ ਖਿਡਾਰੀ ਦੇ ਰੂਪ ‘ਚ ਹੀ ਟੀਮ ‘ਚ ਖੇਡਣਗੇ। ਹਾਲਾਂਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਮੈਨੂੰ ਲੱਗਦਾ ਹੈ ਕਿ ਅਜਿੰਕੇ ਰਹਾਣੇ ਕਪਤਾਨ ਬਣੇ ਰਹਿਣਗੇ। ਖੈਰ ਰਹਾਣੇ ਨੂੰ ਇਸ ਅਹੁਦੇ ‘ਤੇ ਬਣੇ ਰਹਿਣ ਲਈ ਦੌੜਾਂ ਬਣਾਉਣੀਆਂ ਚਾਹੀਦੀਆਂ ਹਨ ਤੇ ਉਸ ਲਈ ਸਖਤ ਪ੍ਰੀਖਿਆ ਹੈ।
ਕਨੇਰੀਆ ਨੇ ਕਿਹਾ ਕਿ ਰਹਾਣੇ ਨੇ ਆਸਟ੍ਰੇਲੀਆ ‘ਚ ਭਾਰਤੀ ਟੀਮ ਦੀ ਸ਼ਾਨਦਾਰ ਕਪਤਾਨੀ ਕੀਤੀ ਸੀ ਤੇ ਟੀਮ ਇੰਡੀਆ ਨੇ ਸੀਰੀਜ਼ ਵੀ ਜਿੱਤੀ ਸੀ ਪਰ ਉਦੋਂ ਤੋਂ ਰਹਾਣੇ ਦੀ ਬੱਲੇਬਾਜ਼ੀ ‘ਚ ਗਿਰਾਵਟ ਆਈ ਹੈ। ਨਿਊਜ਼ੀਲੈਂਡ ਖਿਲਾਫ ਰਹਾਣੇ ਅਤੇ ਰਾਹੁਲ ਦ੍ਰਾਵਿੜ ਦੀ ਜੋੜੀ ਟੀਮ ਲਈ ਸ਼ਾਨਦਾਰ ਸਾਬਤ ਹੋਣ ਵਾਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਰਹਾਣੇ ਨਿਊਜ਼ੀਲੈਂਡ ਖਿਲਾਫ ਕਾਨਪੁਰ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ‘ਚ ਟੀਮ ਇੰਡੀਆ ਦੀ ਅਗਵਾਈ ਕਰ ਰਹੇ ਹਨ ਤੇ ਪਹਿਲੀ ਪਾਰੀ ‘ਚ ਉਹ ਇਕ ਵਾਰ ਫਿਰ ਅਸਫਲ ਰਹੇ ਤੇ 63 ਗੇਂਦਾਂ ‘ਚ 6 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾ ਕੇ ਆਊਟ ਹੋ ਗਏ। ਵਿਰਾਟ ਕੋਹਲੀ ਨੂੰ ਇਸ ਟੈਸਟ ਤੋਂ ਆਰਾਮ ਦਿੱਤਾ ਗਿਆ ਹੈ ਅਤੇ ਉਹ ਦੂਜੇ ਟੈਸਟ ਮੈਚ ਯਾਨੀ ਮੁੰਬਈ ਟੈਸਟ ‘ਚ ਵਾਪਸੀ ਕਰਨਗੇ ਅਤੇ ਇਕ ਵਾਰ ਫਿਰ ਟੈਸਟ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।