ਮੈਨਚੈਸਟਰ: ਵਿਸ਼ਵ ਕੱਪ 2019 ਦੇ ਸੈਮੀਫ਼ਾਈਨਲ ਮੁਕਾਬਲੇ ਵਿੱਚੋਂ ਬਾਹਰ ਹੋਣ ਵਾਲੀ ਭਾਰਤੀ ਟੀਮ ਹੁਣ ਵਤਨ ਵਾਪਸੀ ਦੀ ਉਡੀਕ ਕਰ ਰਹੀ ਹੈ। ਟੀਮ ਨੂੰ ਹੁਣ ਇੰਗਲੈਂਡ ਵਿੱਚ ਰੁਕਣਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦੀਆਂ ਭਾਰਤ ਆਉਣ ਦੀਆਂ ਟਿਕਟਾਂ ਨਹੀਂ ਹੋਈਆਂ।
ਸੂਤਰਾਂ ਮੁਤਾਬਕ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੇ ਹਾਲੇ ਤਕ ਭਾਰਤੀ ਟੀਮ ਨੂੰ ਵਾਪਸ ਪਰਤਣ ਦੀਆਂ ਟਿਕਟਾਂ ਦਾ ਇੰਤਜ਼ਾਮ ਨਹੀਂ ਕਰ ਕੇ ਦਿੱਤਾ। ਦਰਅਸਲ, ਵਿਸ਼ਵ ਕੱਪ ਦੌਰਾਨ ਸੈਮੀਫਾਈਨਲ ਤੋਂ ਪਹਿਲਾਂ ਸਿਰਫ ਇੱਕ ਮੈਚ ਹਾਰਨ ਵਾਲੀ ਭਾਰਤੀ ਟੀਮ ਦੀ ਅਚਾਨਕ ਹੋਈ ਇਸ ਹਾਰ ਦੀ ਕਿਸੇ ਨੂੰ ਆਸ ਹੀ ਨਹੀਂ ਸੀ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਤੋਂ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਬੁੱਧਵਾਰ ਨੂੰ ਭਾਰਤ ਵਿਸ਼ਵ ਕ੍ਰਿਕੇਟ ਕੱਪ ’ਚੋਂ ਬਾਹਰ ਹੋ ਗਿਆ ਸੀ। ਉਸ ਤੋਂ ਬਾਅਦ BCCI ਨੇ ਭਾਵੇਂ ਭਾਰਤੀ ਟੀਮ ਲਈ ਟਿਕਟਾਂ ਦਾ ਇੰਤਜ਼ਾਮ ਕਰਨ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਸਫ਼ਲਤਾ ਨਹੀਂ ਮਿਲੀ। ਸੂਤਰਾਂ ਦੀ ਮੰਨੀਏ ਤਾਂ ਟੀਮ ਦੀ ਵਤਨ ਵਾਪਸੀ ਲਈ ਹਵਾਈ ਟਿਕਟਾਂ ਦਾ ਇੰਤਜ਼ਾਮ 14 ਜੁਲਾਈ ਤੋਂ ਬਾਅਦ ਹੀ ਹੋ ਸਕੇਗਾ। ਇਸੇ ਦਿਨ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਕਾਰ ਖਿਤਾਬੀ ਟੱਕਰ ਵੀ ਹੋਣੀ ਹੈ। ਕ੍ਰਿਕੇਟ ਪ੍ਰੇਮੀਆਂ ਨੂੰ ਆਸ ਸੀ ਕਿ ਇਹ ਮੈਚ ਭਾਰਤੀ ਟੀਮ ਨੇ ਖੇਡਣਾ ਸੀ, ਪਰ ਨਿਊਜ਼ੀਲੈਂਡ ਨੇ ਬਾਜ਼ੀ ਪਲਟ ਦਿੱਤੀ।