ਲੰਡਨ: ਵਿਸ਼ਵ ਕੱਪ 2019 ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 64 ਦੌੜਾਂ ਨਾਲ ਮਾਤ ਦੇ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਆਸਟ੍ਰੇਲੀਆ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਕਪਤਾਨ ਐਰੋਨ ਫਿੰਚ ਦੇ ਸੈਂਕੜੇ ਤੇ ਜੇਸਨ ਬੇਰਹਨਡੋਰਫ (44/5) ਤੇ ਮਿਸ਼ੇਲ ਸਟਾਰਕ (43/4) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਆਸਟਰੇਲੀਆ ਇਹ ਕਾਮਯਾਬੀ ਹਾਸਲ ਕੀਤੀ।
ਆਸਟਰੇਲੀਆ ਨੇ ਸੱਤ ਵਿਕਟਾਂ ਦੇ ਨੁਕਸਾਨ ‘ਤੇ ਇੰਗਲੈਂਡ ਨੂੰ 285 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ 44.4 ਓਵਰਾਂ ਵਿੱਚ 221 ਦੌੜਾਂ ਹੀ ਬਣਾ ਸਕੀ। ਇੰਗਲੈਂਡ ਲਈ ਬੈੱਨ ਸਟੋਕਸ ਨੇ 115 ਗੇਂਦਾਂ ਵਿੱਚ 8 ਚੌਕਿਆਂ ਤੇ ਦੋ ਚੌਕਿਆਂ ਦੀ ਮਦਦ ਨਾਲ 89 ਦੌੜਾਂ ਦਾ ਸਰਵੋਤਮ ਸਕੋਰ ਬਣਾਇਆ।
ਦੁਨੀਆ ਦੀ ਅੱਵਲ ਨੰਬਰ ਟੀਮ ਤੇ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾਂਦੀ ਇੰਗਲੈਂਡ ਦੀ ਸੱਤ ਮੈਚਾਂ ਵਿੱਚ ਤੀਜੀ ਹਾਰ ਹੈ। ਅੱਜ ਦੀ ਹਾਰ ਨਾਲ ਮੇਜ਼ਬਾਨ ਟੀਮ ਦੀਆਂ ਸੈਮੀ ਫਾਈਨਲ ਗੇੜ ਵਿੱਚ ਪੁੱਜਣ ਦੀਆਂ ਆਸਾਂ ਨੂੰ ਕਰਾਰਾ ਝਟਕਾ ਲੱਗਾ ਹੈ। ਇੰਗਲੈਂਡ ਦੇ ਅੱਠ ਅੰਕ ਹਨ ਤੇ ਉਸ ਨੂੰ ਸੈਮੀ ਫਾਈਨਲ ਵਿੱਚ ਦਾਖ਼ਲੇ ਲਈ ਭਾਰਤ ਤੇ ਨਿਊਜ਼ੀਲੈਂਡ ਖ਼ਿਲਾਫ਼ ਆਪਣੇ ਦੋਵੇਂ ਮੈਚ ਜਿੱਤਣੇ ਹੋਣਗੇ। ਉੱਧਰ, ਆਸਟਰੇਲੀਅਨ ਟੀਮ ਸੱਤ ਮੈਚਾਂ ਵਿੱਚ 12 ਅੰਕਾਂ ਨਾਲ ਸਿਖਰ ’ਤੇ ਪੁੱਜ ਗਈ ਹੈ।