47.37 F
New York, US
November 21, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਵਿਸ਼ੇਸ਼ ਜਾਂਚ ਕਾਰਨ ਕੈਨੇਡਾ-ਭਾਰਤ ਉਡਾਣਾਂ ਪ੍ਰਭਾਵਤ ਹੋਣ ਲੱਗੀਆਂ

ਵੈਨਕੂਵਰ : ਕੈਨੇਡਾ ਸਰਕਾਰ ਦੇ ਖੁਫੀਆ ਵਿਭਾਗ ਨੂੰ ਹਿੰਸਕ ਗਰੋਹਾਂ ਦੇ ਕਥਿਤ ਮਨਸੂਬਿਆਂ ਦੀ ਸੂਹ ਲੱਗਣ ਤੋਂ ਬਾਅਦ ਭਾਰਤ ਜਾਣ ਵਾਲੀਆਂ ਸਿੱਧੀਆਂ ਉਡਾਣਾਂ ਦੇ ਮੁਸਾਫਰਾਂ ਦੀ ਵਿਸ਼ੇਸ਼ ਤੇ ਸਖ਼ਤ ਜਾਂਚ ਕਾਰਨ ਯਾਤਰੀਆਂ ਦੀ ਪ੍ਰੇਸ਼ਾਨੀ ਵਧਣ ਦੇ ਨਾਲ ਨਾਲ ਉਡਾਣਾਂ ਦੀ ਸਮਾਂ ਸਾਰਣੀ ਪ੍ਰਭਾਵਤ ਹੋਣ ਲੱਗੀ ਹੈ। ਹਾਲਾਂਕਿ ਭਾਰਤ ਤੋਂ ਕੈਨੇਡਾ ਆਉਣ ਵਾਲੀਆਂ ਉਡਾਣਾਂ ਠੀਕ ਚੱਲ ਰਹੀਆਂ ਹਨ, ਕਿਉਂਕਿ ਉਨ੍ਹਾਂ ਲਈ ਅਜਿਹੀ ਕਿਸੇ ਖ਼ਾਸ ਜਾਂਚ ਦਾ ਪ੍ਰੋਟੋਕੋਲ ਲਾਗੂ ਨਹੀਂ ਕੀਤਾ ਗਿਆ ਹੈ।
ਕੈਨੇਡਾ ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੇ ਜੋਖਮ ਤੋਂ ਬਚਾਅ ਵਜੋਂ ਉਠਾਏ ਇਹਤਿਆਤੀ ਕਦਮਾਂ ਕਾਰਨ ਟਰਾਂਟੋ, ਵੈਨਕੂਵਰ ਅਤੇ ਮੌਂਟਰੀਅਲ ਤੋਂ ਭਾਰਤ ਲਈ ਸਿੱਧੀਆਂ ਉਡਾਣਾਂ ਦੇ ਯਾਤਰੀਆਂ ਦੇ ਸਾਮਾਨ ਦੀ ਖਾਸ ਬਾਰੀਕੀ ਨਾਲ ਜਾਂਚ ਹੋਣ ਲੱਗੀ ਹੈ। ਉਨ੍ਹਾਂ ਦੇ ਸਾਮਾਨ ਵਾਲੇ ਸੂਟਕੇਸ ਹੁਣ ਐਕਸਰੇਅ ਮਸ਼ੀਨਾਂ ‘ਚੋਂ ਲੰਘਾ ਕੇ ਜਹਾਜ਼ ਤੱਕ ਪੁਚਾਏ ਜਾਂਦੇ ਹਨ ਤੇ ਲਦਾਈ ਮੌਕੇ ਸਾਰੀ ਕਾਰਵਾਈ ਉੱਚ ਪੱਧਰੀ ਸੁਰੱਖਿਆ ਟੀਮ ਦੀ ਨਜ਼ਰ ਹੇਠ ਰਹਿੰਦੀ ਹੈ।
ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ
ਵਿਸ਼ੇਸ਼ ਜਾਂਚ ਕਾਰਨ ਜਹਾਜ਼ ਮਿੱਥੇ ਸਮੇਂ ‘ਤੇ ਉਡਾਣ ਭਰਨ ਤੋਂ ਪਛੜ ਜਾਂਦੇ ਹਨ। ਬੁੱਧਵਾਰ ਨੂੰ ਟਰਾਂਟੋ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਵੀਰਵਾਰ ਨੂੰ ਦਿੱਲੀ ਪੁੱਜੇ ਮੁਸਾਫਰ ਜੋੜੇ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਕਾਰਨ ਉਨ੍ਹਾਂ ਨੂੰ ਜਹਾਜ਼ ਤੱਕ ਪੁੱਜਣ ਲਈ ਲੰਮੀ ਕਤਾਰ ਵਿੱਚ ਡੇਢ ਘੰਟਾ ਖੜ੍ਹਨਾ ਪਿਆ। ਬੋਰਡਿੰਗ ਪਾਸ ਲੈ ਚੁੱਕੇ ਸਾਰੇ ਯਾਤਰੀ ਸਮੇਂ ਸਿਰ ਸਵਾਰ ਨਾ ਹੋਣ ਕਰਕੇ ਜਹਾਜ਼ ਟਰਾਂਟੋ ਤੋਂ ਇੱਕ ਘੰਟਾ ਦੇਰੀ ਨਾਲ ਉੱਡਿਆ ਤੇ ਰਸਤੇ ਵਿੱਚ ਪਾਇਲਟ ਵਲੋਂ ਉਨ੍ਹਾਂ ਨੂੰ ਆਲੇ ਦੁਆਲੇ ਬੈਠੇ ਯਾਤਰੀਆਂ ਦੀਆਂ ਗਤੀਵਿਧੀਆਂ ਬਾਰੇ ਚੌਕਸ ਰਹਿਣ ਕਿਹਾ ਗਿਆ। ਕੁਝ ਹੋਰਾਂ ਤੋਂ ਵੀ ਇੰਜ ਦੀ ਜਾਣਕਾਰੀ ਮਿਲੀ।
ਕੀ ਕਹਿੰਦੀ ਹੈ ਏਅਰ ਇੰਡੀਆ
ਇਸੇ ਤਰ੍ਹਾਂ ਵੈਨਕੂਵਰ ਤੋਂ ਦਿੱਲੀ ਵਾਲਾ ਜਹਾਜ਼ ਸਵੇਰੇ 10 ਵਜੇ ਦੀ ਥਾਂ ਦੁਪਹਿਰ ਡੇਢ ਵਜੇ ਉਡਾਣ ਭਰ ਸਕਿਆ ਤੇ ਯਾਤਰੀਆਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਏਅਰ ਇੰਡੀਆ ਦੇ ਸਥਾਨਕ ਦਫਤਰ ਸੰਪਰਕ ਕਰਨ ‘ਤੇ ਫੋਨ ਚੁੱਕਣ ਵਾਲੇ ਵਿਅਕਤੀ ਨੇ ਆਪਣਾ ਨਾਂ ਦੱਸਣ ਤੋਂ ਇਨਕਾਰ ਕਰਦਿਆਂ ਉਡਾਣ ਲਈ ਦੇਰੀ ਸੁਰੱਖਿਆ ਕਾਰਨਾਂ ਕਰ ਕੇ ਹੋਣ ਦੀ ਗੱਲ ਕਹਿ ਕੇ ਫੋਨ ਬੰਦ ਕਰ ਦਿੱਤਾ।
ਕਨਿਸ਼ਕ ਕਾਂਡ ਨੂੰ ਨਹੀਂ ਭੁੱਲੀ ਕੈਨੇਡਾ ਸਰਕਾਰ
ਕੈਨੇਡਾ ਸਰਕਾਰ ਸਤੰਬਰ 1985 ‘ਚ ਟਰਾਂਟੋਂ ਤੋਂ ਦਿੱਲੀ ਜਾਂਦੇ ਹਵਾਈ ਜਹਾਜ਼ (ਕਨਿਸ਼ਕ) ਹਾਦਸੇ ਨੂੰ ਅਜੇ ਭੁੱਲੀ ਨਹੀਂ। ਏਅਰ ਇੰਡੀਆ ਦੇ ਉਸ ਮੰਦਭਾਗੇ ਜਹਾਜ਼ ਵਿੱਚ ਟਰਾਂਟੋਂ ਤੋਂ ਉਡਾਣ ਭਰਨ ਦੇ ਢਾਈ ਘੰਟੇ ਬਾਦ ਐਟਲਾਂਟਿਕ ਮਹਾਸਾਗਰ ਉਪਰੋਂ ਲੰਘਦਿਆਂ ਬੰਬ ਫਟਿਆ ਸੀ। ਹਾਦਸੇ ‘ਚ ਅਮਲੇ ਦੇ 12 ਮੈਂਬਰਾਂ ਸਮੇਤ 339 ਲੋਕ ਮਾਰੇ ਗਏ ਸਨ। ਉਸੇ ਦਿਨ ਕੈਨੇਡਾ ਤੋਂ ਜਪਾਨ ਦੇ ਟੋਕੀਓ ਹਵਾਈ ਅੱਡੇ ਪਹੁੰਚੇ ਜਹਾਜ਼ ਦਾ ਸਾਮਾਨ ਉਤਾਰਦਿਆਂ ਹੋਏ ਬੰਬ ਧਮਾਕੇ ਵਿੱਚ ਦੋ ਕਾਮਿਆਂ ਦੀ ਮੌਤ ਹੋਈ ਸੀ।
ਖ਼ਾਸ ਜਾਂਚ ਪਿੱਛੇ ਹੋ ਕੋਈ ਖ਼ਾਸ ਕਾਰਨ ?
ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਅਨੰਦ ਵਲੋਂ ਸੁਰੱਖਿਆ ਅਮਲੇ ਨੂੰ ਦਿੱਤੀਆਂ ਸਖ਼ਤ ਹਦਾਇਤਾਂ ਇਸ ਗੱਲ ਦਾ ਸੰਕੇਤ ਹਨ ਕਿ ਸੂਹੀਆ ਤੰਤਰ ਨੂੰ ਕਿਸੇ ਹਿੰਸਕ ਗਰੁੱਪ ਦੇ ਕਿਸੇ ਮਨਸੂਬੇ ਦੀ ਭਿਣਕ ਪਈ ਹੋ ਸਕਦੀ ਹੈ ਤਾਂ ਜੋ ਸਰਕਾਰ ਸਮਾਂ ਰਹਿੰਦਿਆਂ ਮਨਸੂਬੇ ਅਸਫਲ ਕਰਨ ਲਈ ਤਿਆਰ ਹੋ ਸਕੇ। ਪਿਛਲੇ ਮਹੀਨਿਆਂ ਵਿੱਚ ਐਸਐਫਜੇ ਦੇ ਆਗੂ ਵਲੋਂ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਉਡਾਉਣ ਦੀ ਧਮਕੀ ਮੌਕੇ ਵੀ ਸਰਕਾਰ ਵਲੋਂ ਐਨੀ ਸਖਤ ਜਾਂਚ ਨਹੀਂ ਸੀ ਕਰਵਾਈ ਜਾਂਦੀ, ਜੋ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਸ ਵਿਸ਼ੇਸ਼ ਜਾਂਚ ਪਿੱਛੇ ਕੋਈ ਖਾਸ ਕਾਰਨ ਹੋਵੇਗਾ।

Related posts

ਲਾਪਤਾ ਫੌਜੀ ਜਹਾਜ਼ ਅਜੇ ਵੀ ਨਹੀਂ ਲੱਭਿਆ, ਹੁਣ ਲਈ ਸੈਟੇਲਾਈਟ ਦੀ ਮਦਦ

On Punjab

ਉਨਾਵ ਗੈਂਗਰੇਪ ‘ਤੇ ਸੁਪਰੀਮ ਕੋਰਟ ਦਾ ਤਾਜ਼ਾ ਫੈਸਲਾ, ਅਜੇ ਲਖਨਊ ‘ਚ ਹੋਏਗਾ ਪੀੜਤਾ ਦਾ ਇਲਾਜ

On Punjab

ਸਕੂਲ ਦੇ ਖੇਡ ਸਟੇਡੀਅਮ ਵਿੱਚੋਂ 11 ਕੇ ਵੀ ਤਾਰਾਂ ਨੂੰ ਹਟਾਉਣ ਲਈ ਦਿੱਤਾ ਮੰਗ ਪੱਤਰ

Pritpal Kaur