ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵੱਲੋਂ ਵਿਰੋਧ ਕੀਤਾ ਗਿਆ। ਵਿੱਤ ਮੰਤਰੀ ਦਾ ਘਿਰਾਓ ਕਰਨ ਜਾਂਦੇ ਮੁਲਾਜ਼ਮਾਂ ਨੂੰ ਪੁਲਿਸ ਫੋਰਸ ਵੱਲੋਂ ਫੁਹਾਰਾ ਚੌਕ ਨੇੜੇ ਰੋਕ ਲਿਆ ਗਿਆ। ਕਾਫ਼ੀ ਸਮਾਂ ਖਿੱਚ-ਧੂਹ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਕੇ ਵੱਖ-ਵੱਖ ਥਾਣਿਆਂ ਤਕ ਪਹੁੰਚਾ ਦਿੱਤਾ ਹੈ। ਪ੍ਰਦਰਸ਼ਨਕਾਰੀ ਤੈਅ ਪ੍ਰੋਗਰਾਮ ਤਹਿਤ ਬੁੱਧਵਾਰ ਦੀ ਸਵੇਰ ਬਾਰਾਂ ਸੋਬਤੀ ਨੇੜੇ ਇਕੱਤਰ ਹੋਏ ਜਿਸ ਦੀ ਭਿਣਕ ਲੱਗਦਿਆਂ ਹੀ ਪੁਲਿਸ ਫੋਰਸ ਨੇ ਇਨ੍ਹਾਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਬੈਠ ਕੇ ਗੱਲਬਾਤ ਕਰਨ ਲਈ ਮਨਾਉਣਾ ਚਾਹਿਆ ਪਰ ਗੱਲ ਨਾ ਬਣੀ। ਕਾਫ਼ੀ ਖਿੱਚ ਧੂਹ ਤੋਂ ਬਾਅਦ ਪੁਲਿਸ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਪ੍ਰਦਰਸ਼ਨਕਾਰੀਆਂ ਤੋਂ ਆਪਣੀਆਂ ਬੱਸਾਂ ਵਿੱਚ ਡੱਕ ਲਿਆ ਤੇ ਨੇੜਲੇ ਥਾਣਿਆਂ ਤਕ ਪਹੁੰਚਾਇਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਹੋ ਸਕੇ ਹਨ ਜਿਸ ਕਰ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੜਕਾਂ ਤੇ ਰੁਲਣਾ ਪੈ ਰਿਹਾ ਹੈ।