ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜ਼ਿਲ੍ਹੇ ਅੰਦਰ ਨਵੇਂ ਬਣੇ ਪੰਚਾਂ, ਸਰਪੰਚਾਂ, ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਅੱਜ 12 ਜਨਵਰੀ ਨੂੰ ਸਹੁੰ ਚਕਾਉਣਗੇ। ਇਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਦਾਣਾ ਮੰਡੀ ਵਿਖੇ ਹੋ ਰਹੇ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉਨ੍ਹਾਂ ਕਿਹਾ ਕਿ ਜਿਸ ਵੀ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਪੁੱਜਣ ਵਾਲੇ ਮੈਂਬਰ ਸਹਿਬਾਨ, ਪੰਚ ਅਤੇ ਸਰਪੰਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਤਿਆਰ ਕੀਤੇ ਗਏ ਰੂਟ ਪਲਾਨ ਰਾਹੀਂ ਹੀ ਸਮਾਗਮ ਵਿੱਚ ਸ਼ਿਰਕਤ ਕਰਨ ਤਾਂ ਜੋ ਆਵਾਜਾਈ ਅਤੇ ਟ੍ਰੈਫਿਕ ਦੀ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਪੇਸ਼ ਆਵੇ। ਉਨ੍ਹਾਂ ਦੱਸਿਆ ਕਿ ਸਮਾਗਮ ਵਾਲੇ ਸਥਾਨ ਤੇ ਪਹੁੰਚਣ ਲਈ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਲਾਕ ਘੱਲ ਖੁਰਦ ਵੱਲੋਂ ਆਉਣ ਵਾਲਿਆਂ ਲਈ ਜਨ. ਪਾਰਕਿੰਗ ਗੇਟ ਨੰ: 3 ਨਜ਼ਦੀਕ ਕੈਰਲ ਕੋਨਵੈਂਟ ਸਕੂਲ, (ਪਹੁੰਚ ਮਾਰਗ ਸ਼ਾਂਦੇ ਹਾਸ਼ਮ ਤੋਂ ਕੱਚਾ ਜੀਰਾ ਰੋਡ) ਦਾ ਰੋਡ ਮੈਪ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ੀਰਾ ਤੋਂ ਆਉਣ ਵਾਲਿਆਂ ਲਈ ਜਨ. ਪਾਰਕਿੰਗ ਨੰ: 4, ਸਟੇਜ਼ ਦੇ ਸਾਹਮਣੇ (ਕੱਚਾ ਜ਼ੀਰਾ ਰੋਡ ਰਾਹੀਂ), ਮੱਲਾਂਵਾਲ ਤੇ ਮਖੂ ਤੋਂ ਆਉਣ ਵਾਲਿਆਂ ਲਈ ਜਨ. ਪਾਰਕਿੰਗ ਨੰ: 5 ਸਟੇਜ਼ ਦੇ ਖੱਬੇ ਹੱਥ (ਸਾਹਮਣੇ ਮਾਰਕਿਟ ਕਮੇਟੀ ਦਫਤਰ, ਦੁਕਾਨਾਂ ਦੇ ਪਿੱਛੇ) ਅਤੇ ਗੁਰੂਹਰਸਹਾਏ, ਮਮਦੋਟ ਅਤੇ ਫਿਰੋਜ਼ਪੁਰ ਸ਼ਹਿਰ ਤੋਂ ਆਉਣ ਵਾਲਿਆ ਲਈ ਜਨ. ਪਾਰਕਿੰਗ ਨੰ:6, ਸਬਜ਼ੀ ਮੰਡੀ ਫਿਰੋਜ਼ਪੁਰ ਸ਼ਹਿਰ (ਪਹੁੰਚ ਮਾਰਗ ਗੁਰੂਹਰਸਹਾਏ ਅਤੇ ਮਮਦੋਟ ਲਈ: ਵਾਇਆ ਕਿਲ੍ਹਾ ਚੌਂਕ-ਮਧਰੇ ਫਾਟਕ-ਮੁਲਤਾਨੀ ਗੇਟ-ਬਾਂਸੀ ਗੇਟ-ਮਖੂ ਗੇਟ-ਜ਼ੀਰਾ ਗੇਟ ਸ਼ਿਵਾਲਿਆ ਰੋਡ-ਸਬਜ਼ੀ ਮੰਡੀ ਪਾਰਕਿੰਗ) ਰਾਹੀਂ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਮੌਕੇ ਸਹਾਇਕ ਕਮਿਸ਼ਨਰ ਸ. ਰਣਜੀਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ. ਹਰਜਿੰਦਰ ਸਿੰਘ, ਤਹਿਸੀਲਦਾਰ ਫਿਰੋਜ਼ਪੁਰ ਸ. ਮਨਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।