PreetNama
ਖਾਸ-ਖਬਰਾਂ/Important News

ਵੀਜ਼ਾ ਵਿਵਾਦ ‘ਚ ਉਲਝੇ ਵਿਦਿਆਰਥੀਆਂ ਨੇ ਬ੍ਰਿਟਿਸ਼ ਸਰਕਾਰ ਤੋਂ ਮੰਗੀ ਰਹਿਮ

ਲੰਡਨ: ਲਾਜ਼ਮੀ ਅੰਗਰੇਜ਼ੀ ਟੈਸਟ ਨਾਲ ਜੁੜੇ ਵੀਜ਼ਾ ਵਿਵਾਦ ਵਿੱਚ ਫਸੇ ਭਾਰਤੀਆਂ ਸਮੇਤ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੂੰ ਪੱਤਰ ਦੇ ਕੇ ਮਾਮਲਾ ਸੁਲਝਾਉਣ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਉਨ੍ਹਾਂ ’ਤੇ ਪ੍ਰੀਖਿਆ ਵਿੱਚ ਨਕਲ ਦੇ ਗ਼ਲਤ ਇਲਜ਼ਾਮ ਲਾਏ ਗਏ ਹਨ।

ਇਸ ਮਾਮਲੇ ਨਾਲ ਜੁੜੇ ਸਾਰੇ ਵਿਦਿਆਰਥੀਆਂ ’ਤੇ ਟੈਸਟ ਆਫ਼ ਇੰਗਲਿਸ਼ ਫਾਰ ਇੰਟੈਨਸ਼ਨਲ ਕਮਿਊਨੀਕੇਸ਼ਨ (ਟੀਓਈਆਈਸੀ) ਵਿੱਚ ਨਕਲ ਮਾਰਨ ਦਾ ਇਲਜ਼ਾਮ ਲਾਇਆ ਗਿਆ ਹੈ। ਕਰੀਬ ਪੰਜ ਸਾਲ ਪਹਿਲਾਂ ਵਿਦਿਆਰਥੀ ਵੀਜ਼ਾ ਲਈ ਇਸ ਟੈਸਟ ਨੂੰ ਪਾਸ ਕਰਨਾ ਜ਼ਰੂਰੀ ਸੀ। ਲੰਡਨ ਵਿੱਚ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੂੰ ਸੌਂਪੇ ਪੱਤਰ ਵਿੱਚ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ’ਤੇ ਨਕਲ ਦੇ ਝੂਠੇ ਇਲਜ਼ਾਮ ਲਾਏ ਗਏ ਹਨ। ਉਨ੍ਹਾਂ ਨੇ ਖ਼ੁਦ ਨੂੰ ਨਿਰਦੋਸ਼ ਸਾਬਤ ਕਰਨ ਲਈ ਮੌਕਾ ਦੇਣ ਦੀ ਮੰਗ ਵੀ ਕੀਤੀ ਹੈ।

ਗ੍ਰਹਿ ਮੰਤਰੀ ਨੂੰ ਦਿੱਤੇ ਪੱਤਰ ਵਿੱਚ ਕਿਹਾ ਗਿਆ ਹੈ, ‘‘ਅੰਗਰੇਜ਼ੀ ਟੈਸਟ ਵਿੱਚ ਨਕਲ ਦੇ ਲੱਗੇ ਦੋਸ਼ਾਂ ਕਾਰਨ ਅਸੀਂ ਉਨ੍ਹਾਂ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ ਹਾਂ ਜਿਨ੍ਹਾਂ ਨੂੰ ਗ੍ਰਹਿ ਵਿਭਾਗ ਨੇ ਵੀਜ਼ੇ ਤੇ ਅਧਿਕਾਰਾਂ ਤੋਂ ਗ਼ਲਤ ਢੰਗ ਨਾਲ ਵਾਂਝੇ ਰੱਖਿਆ ਹੈ। ਅਸੀਂ ਬੇਕਸੂਰ ਹਾਂ ਪਰ ਸਰਕਾਰ ਨੇ ਸਾਨੂੰ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦਾ ਮੌਕਾ ਨਹੀਂ ਦਿੱਤਾ। ਇਸ ਲਈ ਪਿਛਲੇ ਪੰਜ ਸਾਲਾਂ ਤੋਂ ਅਸੀਂ ਆਪਣਾ ਨਾਂ ਇਸ ਵਿਵਾਦ ਵਿੱਚੋਂ ਕੱਢਣ ਲਈ ਸੰਘਰਸ਼ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਗਈ ਹੈ ਤੇ ਭਵਿੱਖ ਖਰਾਬ ਹੋ ਗਿਆ ਹੈ।

ਪਿਛਲੇ ਮਹੀਨੇ ਨੈਸ਼ਨਲ ਆਡਿਟ ਅਫ਼ਸਰ ਨੇ ਇਸ ਸਬੰਧੀ ਨਿਰੀਖਣ ਕੀਤਾ ਸੀ ਤੇ ਕਿਹਾ ਸੀ ਕਿ ਗ੍ਰਹਿ ਵਿਭਾਗ ਨੇ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਬਚਾਉਣ ਲਈ ਖਾਸ ਤਵੱਜੋ ਨਹੀਂ ਦਿੱਤੀ।

Related posts

ਕੈਪਟਨ ਵੱਲੋਂ ਨੌਜਵਾਨਾਂ ਨੂੰ ਸਮਾਰਟਫ਼ੋਨ ਦੇਣ ਲਈ ਹਰੀ ਝੰਡੀ, ਜੜੀਆਂ ਇਹ ਸ਼ਰਤਾਂ

On Punjab

ਗਰਭ ਅਵਸਥਾ ਤੋਂ ਅਣਜਾਣ ਔਰਤ ਨੇ ਜਣੇਪੇ ਦੀਆਂ ਪੀੜਾਂ ਨਾਲ ਦਿੱਤਾ ਤੰਦਰੁਸਤ ਬੱਚੇ ਨੂੰ ਜਨਮ

On Punjab

Attack on Gorakhnath Temple : ਗੋਰਖਨਾਥ ਮੰਦਰ ‘ਤੇ ਹਮਲੇ ਦੀ ਘਟਨਾ ‘ਚ ਅੱਤਵਾਦੀ ਸਾਜ਼ਿਸ਼ ਹੋਣ ਦੀ ਸੰਭਾਵਨਾ, ਉੱਚ ਏਜੰਸੀਆਂ ਕਰ ਰਹੀਆਂ ਹਨ ਜਾਂਚ

On Punjab