ਬੀਤੀ ਸ਼ਾਮ ਵੈਨਕੂਵਰ ਦੇ ਕੋਲ-ਹਾਰਬਰ ਇਲਾਕੇ ‘ਚ ਕੈਨੇਡਾ ਪਲੇਸ ਤੋਂ ਥੋੜ੍ਹੀ ਦੂਰ ਇਕ ਰੈਸਟੋਰੈਂਟ ਦੇ ਬਾਹਰ ਗੋਲ਼ੀਆਂ ਮਾਰ ਕੇ ਪੰਜਾਬੀ ਨੌਜਵਾਨ ਨੂੰ ਮਾਰ ਦਿੱਤਾ ਗਿਆ। ਮਰਨ ਵਾਲੇ ਨੌਜਵਾਨ ਦਾ ਨਾਂ ਹਰਬ ਧਾਲੀਵਾਲ ਦੱਸਿਆ ਜਾ ਰਿਹਾ ਹੈ, ਜੋ ਐਬਸਫੋਰਡ ਦੇ ‘ਧਾਲੀਵਾਲ ਬ੍ਰਦਰਜ਼’ ‘ਚੋਂ ਇੱਕ ਸੀ।
ਮੋਗੇ ਕੋਲ ਪੰਜਾਬ ਦੇ ਪਿੰਡ ਲੋਪੋ ਨਾਲ ਸਬੰਧਤ ਕੈਨੇਡੀਅਨ ਜੰਮਪਲ ਹਰਬ ਦੇ ਗੋਲ਼ੀਆਂ ਲੱਗਣ ਤੋਂ ਬਾਅਦ ਐਂਬੂਲੈਂਸ ਨਾਲ ਪੁੱਜੇ ਸਿਹਤ ਮੁਲਾਜ਼ਮ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸ ਨੂੰ ਬਚਾਇਆ ਨਹੀ ਜਾ ਸਕਿਆ।
ਦਸੰਬਰ 2018 ‘ਚ ਮ੍ਰਿਤਕ ਹਰਬ ਧਾਲੀਵਾਲ ‘ਤੇ ਰਿਚਮੰਡ ਦੇ ਲੌਂਸਡੇਲ ਮਾਲ ‘ਚ ਵੀ ਖ਼ੂਨੀ ਹਮਲਾ ਹੋਇਆ ਸੀ ਪਰ ਉਹ ਬਚ ਗਿਆ ਸੀ। ਇਸ ਹਮਲੇ ‘ਚ ਉਸਦੇ ਨਾਲ ਮੌਜੂਦ ਸਾਥੀ ਵਿੱਕੀ ਖੱਖ ਨੂੰ ਫਰਵਰੀ 2019 ਦੌਰਾਨ ਸਰੀ ‘ਚ ਉਸ ਦੇ ਘਰ ਦੇ ਬਾਹਰ ਮਾਰ ਦਿੱਤਾ ਗਿਆ ਸੀ। ਫਿਰ ਮਾਰਚ 2019 ‘ਚ ਹਰਬ ਦੇ ਭਰਾ ਮਨਿੰਦਰ ਧਾਲੀਵਾਲ ਦੇ ਮਿੱਚਲ ਆਈਲੈਂਡ (ਵੈਨਕੂਵਰ) ਵਿਖੇ ਲੌਂਗਸ਼ੋਰ ਟਰੇਨਿੰਗ ਸੈਂਟਰ ਬਾਹਰ ਗੋਲੀਆਂ ਮਾਰੀਆਂ ਗਈਆਂ ਸਨ ਪਰ ਸਖਤ ਜ਼ਖਮੀ ਹੋਣ ਦੇ ਬਾਵਜੂਦ ਉਹ ਬਚ ਗਿਆ ਸੀ।
17 ਸਾਲਾਂ ਤੋਂ ਚੱਲੇ ਆ ਰਹੇ ਝਗੜੇ ਦੌਰਾਨ ਧਾਲੀਵਾਲ ਭਰਾਵਾਂ ‘ਤੇ ਹਮਲੇ ਤਾਂ ਕਈ ਵਾਰ ਹੋਏ ਪਰ ਸਖਤ ਜ਼ਖਮੀ ਹੋਣ ਦੇ ਬਾਵਜੂਦ ਬਚ ਜਾਂਦੇ ਰਹੇ, ਇਸ ਵਾਰ ਹਰਬ ਧਾਲੀਵਾਲ ਹਮਲੇ ‘ਚ ਬਚ ਨਹੀਂ ਸਕਿਆ।