Donald Trump ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਮਾਰ-ਏ-ਲਾਗੋ (Mar-E-Lago) ਨੂੰ ਪੱਕੀ ਰਿਹਾਇਸ਼ ਬਣਾਉਣਗੇ। ਮੀਡੀਆ ਰਿਪੋਰਟਸ ਮੁਤਾਬਿਕ, ਫਲੋਰਿਡਾ ‘ਚ ਪਾਮ ਬੀਚ ਦੇ ਤੱਟ ‘ਤੇ ਇਕ ਟਾਪੂ ‘ਤੇ ਸਥਿਤ ਮਾਰ-ਏ-ਲਾਗੋ ਅਸਟੇਟ (Mar-e-Lago Estate) ‘ਚ ਡੋਨਾਲਡ ਟਰੰਪ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਮਾਰ-ਏ-ਲਾਗੋ ‘ਤੇ ਟਰੱਕਾਂ ਨੂੰ ਜਾਂਦੇ ਦੇਖਿਆ ਗਿਆ ਹੈ। ਅਜਿਹੇ ਵਿਚ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੋਅ ਬਾਇਡਨ (Joe Biden) ਵੱਲੋਂ ਰਾਸ਼ਟਰਪਤੀ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਹੀ ਟਰੰਪ ਇੱਥੋਂ ਲਈ ਉਡਾਣ ਭਰਨਗੇ।
ਮਾਰ-ਏ-ਲਾਗੋ ਨੂੰ ‘ਵਿੰਟਰ ਵ੍ਹਾਈਟ ਹਾਊਸ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜਿੱਥੇ ਟਰੰਪ ਨੇ ਆਪਣੇ ਚਾਰ ਸਾਲ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਮਹੱਤਵਪੂਰਨ ਸਮਾਂ ਬਿਤਾਇਆ ਹੈ। ਟਰੰਪ ਨੇ 1985 ‘ਚ ਇਕ ਕਰੋੜ ਅਮਰੀਕੀ ਡਾਲਰ ‘ਚ ਇਹ ਹਵੇਲੀ ਖਰੀਦੀ ਸੀ ਤੇ ਇਸ ਨੂੰ ਇਕ ਨਿੱਜੀ ਕਲੱਬ ‘ਚ ਬਦਲ ਦਿੱਤਾ, ਜੋ ਪਿਛਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਦਾ ਸੀਤਕਾਲੀਨ ਘਰ ਬਣ ਗਿਆ ਹੈ।
ਇੱਥੋਂ ਅਟਲਾਂਟਿਕ ਮਹਾਸਾਗਰ ਦੇ ਪ੍ਰਤੱਖ ਦ੍ਰਿਸ਼ ਦਿਖਾਈ ਦਿੰਦੇ ਹਨ ਤੇ ਇੱਥੇ ਉਹੀ ਲੋਕ ਆ ਸਕਦੇ ਹਨ ਜਿਨ੍ਹਾਂ ਨੇ ਇਸ ਦੀ ਮੈਂਬਰਸ਼ਿਪ ਲਈ ਹੈ। ਇਸ ਜਾਇਦਾਦ ‘ਚ 20,000 ਵਰਗ ਫੁੱਟ ਦਾ ਬਾਲਰੂਮ, ਪੰਜ ਕਲੇਅ ਟੈਨਿਸ ਕੋਰਟ ਤੇ ਇਕ ਵਾਟਰਫਰੰਟ ਪੂਲ ਸ਼ਾਮਲ ਹਨ।
ਟਰੰਪ ਨੇ ਦਿੱਤਾ ਵਿਦਾਇਗੀ ਭਾਸ਼ਣ
ਡੋਨਾਲਡ ਟਰੰਪ ਨੇ ਆਪਣੇ ਵਿਦਾਇਗੀ ਭਾਸ਼ਣ ‘ਚ ਇਕ ਵਾਰ ਫਿਰ ਕੈਪੀਟਲ ਭਵਨ ਦਾ ਜ਼ਿਕਰ ਕਰਦੇ ਹੋਏ ਇਸ ਦੀ ਨਿੰਦਾ ਕੀਤੀ ਤੇ ਅਗਲੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਬਾਇਡਨ ਲਈ ਪ੍ਰਾਰਥਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਬਾਇਡਨ ਅਮਰੀਕਾ ਨੂੰ ਸੁਰੱਖਿਅਤ ਬਣਾਈ ਰੱਖਣ ਤੇ ਇਸ ਨੂੰ ਖੁਸ਼ਹਾਲ ਬਣਾਈ ਰੱਖਣ ‘ਚ ਕਾਮਯਾਬ ਸਾਬਿਤ ਹੋਣ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਕਿਸਮਤ ਦਾ ਸਾਥ ਮਿਲੇ।