ਸਮੁੱਚੇ ਅਮਰੀਕਾ ਤੋਂ ਭਾਰਤੀ ਨੌਜਵਾਨਾਂ ਦੇ ਸਮੂਹ ਨੇ ਵ੍ਹਾਈਟ ਹਾਊਸ ਪਹੁੰਚ ਕੇ ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਤੇ ਪ੍ਰਭਾਵੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਅਸਲ ‘ਚ ਇਹ ਸਾਰੇ ਹਵਾਲਗੀ ਦਾ ਸਾਹਮਣਾ ਕਰ ਰਹੇ ਹਨ। ਨੌਜਵਾਨਾਂ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਅਮਰੀਕਾ ‘ਚ ਰਹਿਣ ਦਿੱਤਾ ਜਾਵੇ।
ਅਜਿਹੇ ਦੋ ਲੱਖ ਅਮਰੀਕੀ ਨੌਜਵਾਨ ਹਨ ਜਿਨ੍ਹਾਂ ਨੇ ਆਪਣਾ ਬਚਪਨ ਤੇ ਅੱਲ੍ਹੜ ਉਮਰ ਇੱਥੇ ਹੀ ਬਤੀਤ ਕੀਤੀ ਹੈ ਤੇ ਇਨ੍ਹਾਂ ਨੂੰ ਹਵਾਲਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਾਰਿਆਂ ਦੀ ਉਮਰ ਜਾਂ ਤਾਂ 21 ਸਾਲ ਹੋ ਚੁੱਕੀ ਹੈ ਜਾਂ ਫਿਰ ਹੋਣ ਵਾਲੀ ਹੈ। ਇਸ ਤੋਂ ਬਾਅਦ ਇਹ ਆਪਣੇ ਮਾਤਾ-ਪਿਤਾ ਦੇ ਵੀਜ਼ਾ ‘ਤੇ ਨਹੀਂ ਰਹਿ ਸਕਣਗੇ। ਇਨ੍ਹਾਂ ਦੇ ਮਾਤਾ-ਪਿਤਾ ਨੂੰ ਗ੍ਰੀਨ ਕਾਰਡ ਲਈ ਦਹਾਕਿਆਂ ਤਕ ਲੰਬੀ ਉਡੀਕ ਕਰਨੀ ਪੈ ਰਹੀ ਹੈ। ਇਹ ਕਾਰਡ ਅਸਲ ‘ਚ ਸਥਾਈ ਨਿਵਾਸੀ ਹੋਣ ਦਾ ਸਬੂਤ ਹੁੰਦਾ ਹੈ ਜੋ ਅਮਰੀਕਾ ‘ਚ ਪਰਵਾਸੀਆਂ ਨੂੰ ਮਿਲਣ ਦਾ ਮਤਲਬ ਹੈ ਕਿ ਹੁਣ ਉਹ ਆਸਾਨੀ ਨਾਲ ਇੱਥੇ ਰਹਿ ਸਕਦੇ ਹਨ।
ਇਲਿਨੋਇਸ ‘ਚ ਕਲਿਨਿਕਲ ਫਾਰਮਾਸਿਸਟ ਦੀਪ ਪਟੇਲ ਦੀ ਅਗਵਾਈ ‘ਚ ਨੌਜਵਾਨ ਭਾਰਤੀਆਂ ਦਾ ਸਮੂਹ ਵ੍ਹਾਈਟ ਹਾਊਸ ਪੁੱਜਾ ਜਿਸ ਨੂੰ ਵੇਖ ਕੇ ਸੰਸਦ ਮੈਂਬਰ ਹੈਰਾਨ ਹੋ ਗਏ। 25 ਸਾਲਾ ਪਟੇਲ ਇੰਪਰੂਵ ਦਿ ਡ੍ਰੀਮ ਦੇ ਫਾਊਂਡਰ ਹਨ। ਸਮੁੱਚੇ ਅਮਰੀਕਾ ‘ਚ ਹਵਾਲਗੀ ਦੇ ਮਾਮਲਿਆਂ ਦਾ ਸਾਹਮਣਾ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਦੀ ਇਕ ਹੀ ਅਪੀਲ ਹੈ, ‘ਸਾਡੀ ਹਵਾਲਗੀ ਨਾ ਕਰੋ, ਅਮਰੀਕਾ ‘ਚ ਸਾਡੇ ਘਰ ‘ਚ ਰਹਿਣ ਦਿਓ।’ ਇਨ੍ਹਾਂ ਨੂੰ ਸੰਸਦ ਮੈਂਬਰਾਂ ਤੇ ਵਿਧਾਇਕਾਂ ਵੱਲੋਂ ਭਰੋਸਾ ਦਿੱਤਾ ਗਿਆ ਤੇ ਹੌਸਲਾ ਰੱਖਣ ਲਈ ਕਿਹਾ ਗਿਆ। ਨਾਲ ਹੀ ਸੰਸਦ ਮੈਂਬਰਾਂ ਨੇ ਇਨ੍ਹਾਂ ਨੌਜਵਾਨਾਂ ਦੀ ਹਿੰਮਤ ਤੇ ਯਤਨ ਦੀ ਵੀ ਸ਼ਲਾਘਾ ਕੀਤੀ।