ਪਿਛਲੇ ਕੁਝ ਦਿਨਾਂ ਤੋਂ ਜ਼ੁਬਾਨੀ ਸਦਭਾਵਨਾ ਪ੍ਰਗਟਾਅ ਰਹੇ ਕੌਮਾਂਤਰੀ ਭਾਈਚਾਰੇ ਵੱਲੋਂ ਠੋਸ ਮਦਦ ਆਉਣ ਦੇ ਸੰਕੇਤ ਹਨ। ਖ਼ਾਸ ਤੌਰ ’ਤੇ ਅਮਰੀਕਾ ਭਾਰਤ ਨੂੰ ਵੈਕਸੀਨ ਨਿਰਮਾਣ ’ਚ ਇਸਤੇਮਾਲ ਹੋਣ ਵਾਲੇ ਕੱਚੇ ਮਾਲ ਦੀ ਸਪਲਾਈ ਕਰਨ ਲਈ ਤਿਆਰ ਹੋ ਗਿਆ ਹੈ। ਐਤਵਾਰ ਨੂੰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਜੈਕ ਸੁਲਿਵਾਨ ਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵਿਚਕਾਰ ਟੈਲੀਫੋਨ ਵਾਰਤਾ ਤੋਂ ਬਾਅਦ ਇਸ ਦਾ ਐਲਾਨ ਬਾਇਡਨ ਪ੍ਰਸ਼ਾਸਨ ਨੇ ਕੀਤਾ। ਅਮਰੀਕਾ ਤੋਂ ਇਲਾਵਾ ਐਤਵਾਰ ਨੂੰ ਬਰਤਾਨੀਆ, ਜਰਮਨੀ, ਯੂਰਪੀ ਸੰਘ ਨੇ ਵੀ ਕਿਹਾ ਕਿ ਉਨ੍ਹਾਂ ਨੇ ਕੋਵਿਡ ਨਾਲ ਲੜਾਈ ’ਚ ਭਾਰਤ ਦੀ ਮਦਦ ਲਈ ਵੈਂਟੀਲੇਟਰ, ਆਕਸੀਜਨ ਬਣਾਉਣ ਦੀ ਮਸ਼ੀਨ ਤੇ ਦੂਜੀ ਸਮੱਗਰੀ ਭੇਜਣ ਦਾ ਫ਼ੈਸਲਾ ਕੀਤਾ ਹੈ।
ਓਧਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਵੈਂਟੀਲੇਟਰ, ਐਕਸ-ਰੇ ਮਸ਼ੀਨਾਂ ਆਦਿ ਦੇਣ ਦੀ ਅਪੀਲ ਕੀਤੀ ਹੈ।
ਭਾਰਤ ਵੱਲੋਂ ਕੋਰੋਨਾ ਵੈਕਸੀਨ ਨਿਰਮਾਣ ਲਈ ਜ਼ਰੂਰੀ ਕੱਚੇ ਮਾਲ ਦੀ ਸਪਲਾਈ ’ਚ ਲੱਗੀ ਰੋਕ ਹਟਾਉਣ ਦਾ ਐਲਾਨ ਸੁਲਿਵਾਨ ਤੇ ਡੋਭਾਲ ਦੀ ਗੱਲਬਾਤ ਤੋਂ ਬਾਅਦ ਅਮਰੀਕਾ ਵੱਲੋਂ ਜਾਰੀ ਪ੍ਰੈੱਸ ਬਿਆਨ ’ਚ ਦਿੱਤੀ ਗਈ। ਇਸ ’ਚ ਕਿਹਾ ਗਿਆ ਹੈ ਕਿ ਭਾਰਤ ਨੂੰ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਉਣ ’ਤੇ ਰਾਤ-ਦਿਨ ਕੰਮ ਕੀਤਾ ਜਾ ਰਿਹਾ ਹੈ। ਅਮਰੀਕਾ ਨੇ ਕੱਚੇ ਮਾਲ ਦੀ ਪਛਾਣ ਕਰ ਲਈ ਹੈ, ਜਿਹੜੀ ਕੋਵਿਸ਼ੀਲਡ ਵੈਕਸੀਨ ਦੇ ਨਿਰਮਾਤਾ ਕੰਪਨੀ ਨੂੰ ਛੇਤੀ ਜ਼ਰੂਰਤ ਹੈ। ਇਸ ਦੀ ਛੇਤੀ ਸਪਲਾਈ ਕੀਤੀ ਜਾਵੇਗੀ, ਤਾਂ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਤੇ ਮਹਾਮਾਰੀ ਨਾਲ ਲੜ ਰਹੇ ਫਰੰਟ ਲਾਈਨ ਵਰਕਰਾਂ ਦੀ ਮਦਦ ਕੀਤੀ ਜਾ ਸਕੇ। ਅਮਰੀਕਾ ਨੇ ਡਾਇਗਨੋਸਟਿਕ ਕਿਟਸ, ਪੀਪੀਈ, ਵੈਂਟੀਲੇਟਰਸ ਦੀ ਵੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਭਾਰਤ ਨੂੰ ਸਪਲਾਈ ਕੀਤੀ ਜਾਵੇਗੀ। ਭਾਰਤ ਨੂੰ ਐਮਰਜੈਂਸੀ ਹਾਲਾਤ ’ਚ ਆਕਸੀਜਨ ਜੈਨਰੇਸ਼ਨ ਤੇ ਦੂਜੀਆਂ ਸਬੰਧਤ ਵਸਤਾਂ ਦੀ ਸਪਲਾਈ ਕੀਤੀ ਜਾਵੇਗੀ। ਭਾਰਤ ਨੂੰ ਸਾਲ 2022 ਤਕ ਕੋਰੋਨਾ ਮਹਾਮਾਰੀ ਦੇ ਖ਼ਾਤਮੇ ਲਈ ਵੈਕਸੀਨ ਦੀ ਇਕ ਅਰਬ ਡੋਜ਼ ਬਣਾਉਣ ’ਚ ਵੀ ਵੱਖਰੇ ਤੌਰ ’ਤੇ ਮਦਦ ਕੀਤੀ ਜਾਵੇਗੀ।
ਅਮਰੀਕੀ ਐੱਨਐੱਸਏ ਦੇ ਇਸ ਐਲਾਨ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਟਵਿਟਰ ’ਤੇ ਲਿਖਿਆ ਸੀ ਕਿ ਕੋਵਿਡ-19 ਦੇ ਖ਼ਤਰਨਾਕ ਕਹਿਰ ਦੀ ਸਥਿਤੀ ’ਚ ਅਸੀਂ ਭਾਰਤ ਦੀ ਜਨਤਾ ਦੇ ਨਾਲ ਹਾਂ। ਅਸੀਂ ਭਾਰਤ ਸਰਕਾਰ ’ਚ ਆਪਣੇ ਭਾਈਵਾਲਾਂ ਦੇ ਸੰਪਰਕ ’ਚ ਹਾਂ।
ਅਮਰੀਕਾ ਦੇ ਇਸ ਬਿਆਨ ਤੋਂ ਬਾਅਦ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਦੇ ਦਫ਼ਤਰ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਕੋਵਿਡ ਖ਼ਿਲਾਫ਼ ਭਾਰਤੀ ਦੀ ਲੜਾਈ ਸਾਡੀ ਸਾਂਝੀ ਲੜਾਈ ਹੈ। ਜਰਮਨੀ ਭਾਰਤ ਨਾਲ ਖੜ੍ਹਾ ਹੈ ਤੇ ਛੇਤੀ ਸਹਿਯੋਗ ਪਹੁੰਚਾਉਣ ਲਈ ਅਸੀਂ ਇਕ ਮਿਸ਼ਨ ਤਿਆਰ ਕਰ ਰਹੇ ਹਾਂ।