ਜਾਗਰਣ ਬਿਊਰੋ, ਨਵੀਂ ਦਿੱਲੀ।ਜਾਗਰਣ ਬਿਊਰੋ, ਨਵੀਂ ਦਿੱਲੀ : ਜੁਵੇਨਾਈਲ ਡਰਾਈਵਿੰਗ ਭਾਵ ਨਾਬਾਲਗ ਬੱਚਿਆਂ ਦੇ ਵਾਹਨ ਚਲਾਉਣ ਦੇ ਮੁੱਦੇ ’ਤੇ ਧਿਆਨ ਦਿੰਦੇ ਹੋਏ ਕੇਂਦਰ ਸਰਕਾਰ ਨੇ ਅਜਿਹੇ ਵਾਹਨਾਂ ਦੀ ਵੱਧ ਤੋਂ ਵੱਧ ਰਫ਼ਤਾਰ 25 ਕਿੱਲੋਮੀਟਰ ਪ੍ਰਤੀ ਘੰਟਾ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ। ਮੋਟਰ ਵਾਹਨ ਕਾਨੂੰਨ ’ਚ ਵੱਡੇ ਪੱਧਰ ’ਤੇ ਤਬਦੀਲੀ ਕਰਨ ਜਾ ਰਹੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਨ੍ਹਾਂ ਵਾਹਨਾਂ ਦੀ ਇੰਜਣ ਸਮਰੱਥਾ 50 ਸੀਸੀ ਤੇ ਮੋਟਰ ਪਾਵਰ ਵੱਧ ਤੋਂ ਵੱਧ 1500 ਵਾਟ ਤੈਅ ਕਰਨ ਦਾ ਵੀ ਫ਼ੈਸਲਾ ਕੀਤਾ। ਮੰਤਰਾਲੇ ਨੇ ਮੌਜੂਦਾ ਕਾਨੂੰਨ ’ਚ 67 ਸੋਧਾਂ ਪ੍ਰਸਤਾਵਿਤ ਕੀਤੀਆਂ ਹਨ, ਜਿਨ੍ਹਾਂ ’ਤੇ ਲੋਕ 15 ਅਕਤੂਬਰ ਤੱਕ ਆਪਣੇ ਸੁਝਾਅ ਦੇ ਸਕਦੇ ਹਨ। ਇਨ੍ਹਾਂ ਸੋਧਾਂ ਨਾਲ ਸਬੰਧਤ ਬਿੱਲ ਸੰਸਦ ’ਚ ਸਰਦ ਰੁੱਤ ਇਜਲਾਸ ’ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਸੋਧ ਦੇ ਪ੍ਰਸਤਾਵ ’ਚ ਕਿਹਾ ਗਿਆ ਹੈ ਕਿ 16 ਸਾਲ ਪੂਰੀ ਕਰ ਚੁੱਕੇ ਬੱਚੇ ਸ਼ੁੱਧ ਇਲੈਕਟ੍ਰਿਕ ਦੋਪਹੀਆ ਵਾਹਨ ਜਨਤਕ ਥਾਵਾਂ ’ਤੇ ਚਲਾ ਸਕਦੇ ਹਨ, ਬਸ਼ਰਤੇ ਉਨ੍ਹਾਂ ’ਚ ਡਿਜ਼ਾਈਨ ਸਪੀਡ ਲਿਮਿਟ ਅਤੇ ਇੰਜਣ-ਪਾਵਰ ਸਮਰੱਥਾ ਦੀ ਹੱਦ ਦਾ ਧਿਆਨ ਰੱਖਿਆ ਗਿਆ ਹੋਵੇ। 18 ਸਾਲ ਤੋਂ ਘੱਟ ਉਮਰ ਦਾ ਕੋਈ ਵਿਅਕਤੀ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਵਾਹਨ ਨਹੀਂ ਚਲਾ ਸਕਦਾ। ਮੰਤਰਾਲਾ ਇਸ ਤੋਂ ਪਹਿਲਾਂ ਸੂਬਿਆਂ ਤੋਂ ਇਨ੍ਹਾਂ ਵਾਹਨਾਂ ’ਤੇ ਖ਼ਾਸ ਧਿਆਨ ਦੇਣ ਦੀ ਉਮੀਦ ਵੀ ਕਰ ਚੁੱਕਾ ਹੈ ਕਿਉਂਕਿ ਉਸ ਨੂੰ ਲਗਾਤਾਰ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸਾਰੇ ਅਜਿਹੇ ਵਾਹਨ ਵਿਕ ਰਹੇ ਹਨ ਜਿਨ੍ਹਾਂ ਦੀ ਇੰਜਣ ਸਮਰੱਥਾ ਵੀ ਮਾਪਦੰਡ ਤੋਂ ਵੱਧ ਹੈ ਤੇ ਡਿਜ਼ਾਈਨ ਸਪੀਡ ਵੀ। ਜੁਵੇਨਾਈਲ ਡਰਾਈਵਿੰਗ ’ਤੇ ਹੀ ਹੋਰ ਵੱਧ ਧਿਆਨ ਦਿੰਦੇ ਹੋਏ ਮੰਤਰਾਲੇ ਨੇ ਇਹ ਨਿਯਮ ਵੀ ਪ੍ਰਸਤਾਵਿਤ ਕੀਤਾ ਹੈ ਕਿ ਆਮ ਹਾਲਾਤ ’ਚ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਆਟੋਮੈਟਿਕ ਗਿਅਰ ਵਾਲੇ ਵਾਹਨ ਦਾ ਲਰਨਰ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ। ਸਿਰਫ਼ ਉਸ ਦੇ ਪਰਿਵਾਰ ਦੀ ਲਿਖਤੀ ਸਹਿਮਤੀ ਤੋਂ ਬਾਅਦ ਹੀ ਉਸ ਨੂੰ ਲਰਨਰ ਲਾਇਸੈਂਸ ਜਾਰੀ ਕੀਤਾ ਜਾ ਸਕਦਾ ਹੈ।
ਰਫ਼ਤਾਰ ’ਤੇ ਸਖ਼ਤੀ-ਹਲਕੇ ਵਾਹਨਾਂ ਦਾ ਇਕ ਨਵਾਂ ਵਰਗ ਬਣਾਉਣ ਦੇ ਨਾਲ ਹੀ ਮੱਧਮ ਭਾਰ ਤੇ ਯਾਤਰੀ ਵਾਹਨਾਂ ਤੇ ਭਾਰੀ ਭਾਰ ਤੇ ਯਾਤਰੀ ਵਾਹਨਾਂ ਦੇ ਡਰਾਈਵਰਾਂ ’ਤੇ ਰਫ਼ਤਾਰ ਹੱਦ ਦੀ ਉਲੰਘਣਾ ’ਤੇ ਘੱਟੋ-ਘੱਟ ਦੋ ਹਜ਼ਾਰ ਤੇ ਵੱਧ ਤੋਂ ਵੱਧ ਚਾਰ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਜੇ ਇਹ ਗ਼ਲਤੀ ਦੁਹਰਾਈ ਜਾਂਦੀ ਹੈ ਤਾਂ ਅਜਿਹੇ ਡਰਾਈਵਰਾਂ ਦਾ ਲਾਇਸੈਂਸ ਵੀ ਜ਼ਬਤ ਕੀਤਾ ਜਾ ਸਕਦਾ ਹੈ।