ਸ਼ਕਤੀਸ਼ਾਲੀ ਤੂਫ਼ਾਨ ਚੰਥੂ ਨੇ ਵੀਅਤਨਾਮ ਅਤੇ ਤਾਈਵਾਨ ਦੇ ਨਾਲ ਹੁਣ ਚੀਨ ਨੂੰ ਵੀ ਆਪਣੀ ਗ੍ਰਿਫ਼ਤ ‘ਚ ਲੈ ਲਿਆ ਹੈ। ਇਨ੍ਹਾਂ ਦੇਸ਼ਾਂ ਵਿਚ ਤੂਫ਼ਾਨ ਚੰਥੂ ਦਾ ਖ਼ਤਰਾ ਮੰਡਰਾ ਰਿਹਾ ਹੈ। ਚੀਨ ਦੇ ਸ਼ੰਘਾਈ ਤੇ ਗੁਆਂਢੀ ਤੱਟੀ ਇਲਾਕੇ ਇਸ ਦੀ ਲਪੇਟ ‘ਚ ਹਨ। ਇਸ ਸਾਲ ਆਉਣ ਵਾਲਾ ਚੰਥੂ ਤੂਫ਼ਾਨ ਹੁਣ ਤਕ ਦਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਹੈ। ਟਾਈਫੂਨ ਸ਼ਨਿਚਰਵਾਰ ਤੜਕੇ ਫਿਲਪੀਨ ‘ਚ ਲੂਜ਼ੋਨ ਦੇ ਪੂਰਬ ਤੇ ਉੱਤਰ ਦਿਸ਼ਾ ਵੱਲੋਂ ਲੰਘਿਆ। ਇਸ ਕਾਰਨ ਪ੍ਰਭਾਵਿਤ ਖੇਤਰ ‘ਚ ਭਾਰੀ ਬਾਰਿਸ਼ ਹੋਈ।
ਸ਼ਘਾਈ ਤੇ ਗੁਆਂਢੀ ਤੱਟੀ ਇਲਾਕਿਆਂ ‘ਚ ਉਡਾਣਾਂ ਰੱਦ
ਓਧਰ, ਤੂਫ਼ਾਨ ਦੇ ਖ਼ਤਰੇ ਨੂੰ ਦੇਖਦੇ ਹੋਏ ਚੀਨ ਦੇ ਸ਼ੰਘਾਈ ਤੇ ਗੁਆਂਢੀ ਤੱਟੀ ਇਲਾਕਿਆਂ ‘ਚ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਵਿਦਿਅਕ ਅਦਾਰਿਆਂ, ਸਬ-ਵੇਅ ਤੇ ਟ੍ਰੇਨਾਂ ਦੇ ਸੰਚਾਲਨ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ੰਘਾਈ ਸ਼ਹਿਰ ਦੇ ਅਧਿਕਾਰੀਆਂ ਨੇ ਆਪਣੇ ਅਧਿਕਾਰਤ ਵੀਚੈਟ ਅਕਾਊਂਟ ‘ਤੇ ਇਕ ਪੋਸਟ ‘ਚ ਤੂਫ਼ਾਨ ਦੀ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਇਸ ਦੀ ਰਫ਼ਤਾਰ 170 ਕਿੱਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਰਹਿਣ ਦਾ ਅਨੁਮਾਨ ਹੈ। ਅਧਿਕਾਰੀਆਂ ਨੇ ਕਿਹਾ ਕਿ ਤੱਟੀ ਇਲਾਕਿਆਂ ‘ਚ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ।
ਦਰਾਮਦ ਤੇ ਬਰਾਮਦ ਸੇਵਾਵਾਂ ‘ਤੇ ਲੱਗੀ ਬ੍ਰੇਕ
ਸ਼ੰਘਾਈ ਦੇ ਇਲਾਕਿਆਂ ‘ਚ ਪੋਰਟ ਟਰਮੀਨਲਾਂ ਨੇ ਕੰਟੇਨਰ ਦਰਾਮਦ ਤੇ ਬਰਾਮਦ ਸੇਵਾਵਾਂ ਨੂੰ ਸੋਮਵਾਰ ਤੋਂ ਅਗਲੀ ਸੂਚਨਾ ਤਕ ਮੁਅੱਤਲ ਕਰ ਦਿੱਤਾ ਹੈ। ਸ਼ਹਿਰ ਨੇ ਸ਼ਹਿਰ ਦੇ ਦੱਖਣੀ ਜ਼ਿਲ੍ਹਿਆਂ ਦੀ ਸੇਵਾ ਕਰਨ ਵਾਲੀਆਂ ਕੁਝ ਲਾਈਨਾਂ ‘ਤੇ ਮੈਟਰੋ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਸ਼ੰਘਾਈ ਇਲਾਕੇ ਦੇ ਸਾਰੇ ਪਾਰਕ, ਬਾਹਰੀ ਸੈਲਾਨੀ ਆਕਰਸ਼ਣ ਤੇ ਖੇਡ ਦੇ ਮੈਦਾਨ ਸੋਮਵਾਰ ਤੇ ਮੰਗਲਵਾਰ ਨੂੰ ਬੰਦ ਰਹਿਣਗੇ। ਅਧਿਕਾਰਤ ਅਨੁਮਾਨਾਂ ‘ਚ ਦੱਖਣੀ-ਪੂਰਬੀ ਜਿਆਂਗਸੂ ਸੂਬੇ, ਸ਼ੰਘਾਈ ਤੇ ਉੱਤਰੀ-ਪੂਰਬੀ ਝੇਜਿਆਂਗ ਦੇ ਕੁਝ ਇਲਾਕਿਆਂ ‘ਚ 250-280 ਮਿਲੀਮੀਟਰ ਬਾਰਿਸ਼ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।
ਝੇਜਿਆਂਗ ਨੇ 9 ਜ਼ਿਲ੍ਹਿਆਂ ‘ਚ ਅਚਾਨਕ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ 9 ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸ਼ੰਘਾਈ ਤੋਂ ਬਾਅਦ ਚੀਨ ਦਾ ਦੂਸਰਾ ਸਭ ਤੋਂ ਵੱਡੀ ਕੰਟੇਨਰ ਟਰਾਂਸਪੋਰਟਿੰਗ ਹੱਬ ਨਿੰਗਬੋ ਬੰਦਰਗਾਹ ਨੇ ਐਤਵਾਰ ਦੁਪਹਿਰ ਤੋਂ ਸੰਚਾਲਨ ਬੰਦ ਕਰ ਦਿੱਤਾ ਗਿਆ ਹੈ।