ਸੰਗਰੂਰ: ਸੁਨਾਮ ਸ਼ਹੀਦ ਉਧਮ ਸਿੰਘ ਵਾਲਾ ਦੀ ਧਰਤੀ ਉੱਤੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਰਿਕਾਰਡ ਤੋੜ ਇਕੱਠ ਹੋਇਆ। ਵੱਡੀ ਗਿਣਤੀ ਵਿੱਚ ਨੌਜਵਾਨ ਲੜਕੀਆਂ-ਲੜਕੇ, ਬਜੁਰਗ, ਔਰਤਾਂ ਤੇ ਕਿਸਾਨ ਸ਼ਾਮਿ ਹੋਏ। ਇੱਥੇ 100000 ਲੋਕਾਂ ਦੇ ਬੈਠਣ ਲਈ ਪ੍ਰਬੰਧ ਕੀਤਾ ਗਿਆ ਸੀ ਪਰ ਪੰਡਾਲ ਫਿਰ ਵੀ ਘੱਟ ਪੈ ਗਿਆ। ਖੇਤੀ ਕਾਨੂੰਨਾਂ ਖਿਲਾਫ ਨੌਜਵਾਨਾਂ ਦਾ ਜੋਸ਼ ਸਾਫ਼ ਨਜ਼ਰ ਆ ਰਿਹਾ ਸੀ ਤੇ ਹਰ ਪਾਸੇ ਬਸੰਤੀ ਰੰਗ ਦਿਖ ਰਿਹਾ ਸੀ।
ਇੱਥੇ ਵੱਡੀ ਗਿਣਤੀ ਲੜਕੀਆਂ ਤੇ ਮੁੰਡੇ ਬਸੰਤ ਰੰਗ ਦੀਆਂ ਚੁੰਨੀਆਂ ਤੇ ਪੱਗਾਂ ਬੰਨ੍ਹ ਕੇ ਪੁੱਜੇ। ਪੰਡਾਲ ਵਿੱਚ ਬੈਠਣ ਲਈ ਜਗ੍ਹਾ ਘੱਟ ਪੈ ਗਈ। ਪ੍ਰਬੰਧਕਾਂ ਨੇ 400000 ਫ਼ੁੱਟ ਦਾ ਪੰਡਾਲ ਲਾਇਆ ਗਿਆ ਸੀ ਜੋ 100000 ਲੋਕਾਂ ਦੇ ਬੈਠਣ ਲਈ ਸੀ ਪਰ ਜਿੰਨੇ ਲੋਕ ਪੰਡਾਲ ਅੰਦਰ ਸਨ, ਓਨੇ ਹੀ ਲੋਕ ਪੰਡਾਲ ਦੇ ਬਾਹਰ ਸਨ।
ਰੈਲੀ ਨੂੰ ਨੌਜਵਾਨ ਕਾਨਫਰੰਸ ਨਾਮ ਦਿੱਤਾ ਗਿਆ ਸੀ ਜੋ ਕਿ ਖਾਸ ਤੌਰ ਉੱਤੇ ਨੌਜਵਾਨਾਂ ਲਈ ਸੀ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਦਿੱਲੀ ਦੇ ਬਾਰਡਰ ਉੱਤੇ ਮਨਾਇਆ ਜਾਵੇਗਾ ਪਰ ਇੰਨੀ ਤਾਦਾਦ ਵਿੱਚ ਉੱਥੇ ਲੋਕ ਨਹੀਂ ਪਹੁੰਚ ਸਕਦੇ ਸੀ। ਇਸ ਲਈ ਸੁਨਾਮ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ।
ਰੈਲੀ ਵਿੱਚ ਪੁੱਜੇ ਨੌਜਵਾਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਰਾਜਨੀਤਕ ਲੋਕਾਂ ਦੇ ਪਿੱਛੇ ਭੱਜਦੇ ਰਹੇ। ਹੁਣ ਸੱਚੇ-ਸੁੱਚੇ ਲੋਕ ਮਿਲੇ ਹਨ ਜੋ ਆਪਣੇ ਹੱਕ ਦੀ ਲੜਾਈ ਲੜਦੇ ਹਨ। ਇਸ ਲਈ ਨੌਜਵਾਨ ਇਸ ਰੈਲੀ ਵਿੱਚ ਸ਼ਾਮਲ ਹੋਇਆ ਹੈ। ਅਸੀਂ ਆਪਣੇ ਹੱਕਾਂ ਦੀ ਲੜਾਈ ਲੜਾਂਗੇ ਤੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ। ਕਿਸਾਨ ਨੇਤਾਵਾਂ ਨੇ ਵੀ ਰੈਲੀ ਵਿੱਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਜਿੰਨੀ ਤਾਕਤ ਸਾਨੂੰ ਪੰਜਾਬ ਤੇ ਉਸ ਦੇ ਨਾਲ ਦੇ ਰਾਜਾਂ ਵੱਲੋਂ ਮਿਲ ਰਹੀ ਹੈ, ਅਸੀਂ ਇਸ ਦੇ ਕਰਜ਼ਦਾਰ ਹਾਂ।