ਅਜਿਹੇ ਲੋਕ ਜਿਹਡ਼ੇ ਪੂਰੀ ਤਰ੍ਹਾਂ ਸ਼ਾਕਾਹਾਰੀ ਹਨ, ਫਲ-ਸਬਜ਼ੀਆਂ, ਸਾਬਤ ਅਨਾਜ ਤੇ ਦਾਲਾਂ ਦੀ ਭਰਪੂਰ ਵਰਤੋਂ ਕਰਦੇ ਹਨ, ਉਨ੍ਹਾਂ ’ਚ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਘੱਟ ਹੁੰਦਾ ਹੈ। ਅਜਿਹੇ ਲੋਕਾਂ ’ਚ ਇਨਫੈਕਸ਼ਨ ਦੇ ਖ਼ਤਰਨਾਕ ਹੋਣ ਦੀ ਵੀ ਸੰਭਾਵਨਾ ਘੱਟ ਰਹਿੰਦੀ ਹੈ। ਇਕ ਅਧਿਐਨ ’ਚ ਇਹ ਜਾਣਕਾਰੀ ਮਿਲੀ ਹੈ। ਅਧਿਐਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਡਾਇਬਟੀਜ਼ ਜਾਂ ਗੰਭੀਰ ਬਿਮਾਰੀਆਂ ਨਾਲ ਪੀਡ਼ਤ ਲੋਕਾਂ ’ਤੇ ਇਹ ਅਧਿਐਨ ਨਹੀਂ ਕੀਤਾ ਗਿਆ।
ਅਧਿਐਨ ਮੈਸਾਚਿਸੈਟਸ ਜਨਰਲ ਹਾਸਪੀਟਲ (ਐੱਮਜੀਐੱਚ) ਨੇ ਕੀਤਾ ਹੈ। ਇਸਦਾ ਪ੍ਰਕਾਸ਼ਨ ਜਰਨਲ ਗਟ ’ਚ ਛਾਪਿਆ ਗਿਆ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਚੰਗੇ ਸ਼ਾਕਾਹਾਰ ਖਾਣੇ ਨਾਲ ਕੋਰੋਨਾ ਮਹਾਮਾਰੀ ਘੱਟ ਕਰਨ ’ਚ ਮਦਦ ਮਿਲ ਸਕਦੀ ਹੈ।ਟੀਮ ਨੇ 592571 ਲੋਕਾਂ ’ਤੇ ਅਮਰੀਕਾ ਤੇ ਬਰਤਾਨੀਆ ’ਚ 24 ਮਾਰਚ 2020 ਤੋਂ 2 ਦਸੰਬਰ 2020 ਤਕ ਅਧਿਐਨ ਕੀਤਾ। ਅਧਿਐਨ ’ਚ ਅਜਿਹੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ, ਜਿਹਡ਼ੇ ਸ਼ਾਕਾਹਾਰੀ ਨਹੀਂ ਸਨ ਤੇ ਫਲ ਸਬਜ਼ੀਆਂ-ਦਾਲਾਂ ਦੀ ਵਰਤੋਂ ਨਾ ਦੇ ਬਰਾਬਰ ਕਰਦੇ ਸਨ। ਅਧਿਐਨ ਕਰਨ ਵਾਲੀ ਟੀਮ ’ਚ ਸ਼ਾਮਲ ਐਂਡ੍ਰਿਊ ਚਾਨ ਨੇ ਕਿਹਾ ਕਿ ਅਧਿਐਨ ਦੌਰਾਨ ਸਾਡਾ ਜ਼ੋਰ ਮਾਸਕ ਜਾਂ ਵੈਕਸੀਨ ਨੂੰ ਲੈ ਕੇ ਨਹੀਂ ਸੀ, ਪਰ ਖਾਣ-ਪੀਣ ਨੂੰ ਲੈ ਕੇ ਜਿਹਡ਼ਾ ਅਧਿਐਨ ਕੀਤਾ, ਉਸਦੇ ਚੰਗੇ ਨਤੀਜੇ ਸਾਹਮਣੇ ਆਏ। ਇਨ੍ਹਾਂ ਨਤੀਜਿਆਂ ਤੋਂ ਇਹ ਜਾਣਕਾਰੀ ਮਿਲੀ ਕਿ ਸ਼ਾਕਾਹਾਰ ਲੋਕਾਂ ’ਚ ਕੋਰੋਨਾ ਇਨਫੈਕਸ਼ਨ ਤੋਂ ਬਚਣ ਲਈ ਉਨ੍ਹਾਂ ਲੋਕਾਂ ਦੇ ਮੁਕਾਬਲੇ ਮਜ਼ਬੂਤ ਪ੍ਰਤੀਰੋਧਕ ਸਮਰੱਥਾ ਦੇਖੀ ਗਈ, ਜਿਹਡ਼ੇ ਸ਼ਾਕਾਹਾਰੀ ਨਹੀਂ ਸਨ। ਅਧਿਐਨ ਕਰਨ ਵਾਲੀ ਟੀਮ ਨੇ ਕਿਹਾ ਕਿ ਖਾਣ-ਪੀਣ ’ਚ ਸੁਧਾਰ ਕਰ ਕੇ ਮਹਾਮਾਰੀ ਦੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਹੈ।