MahaShivRatri 2020: ਸ਼ਿਵਰਾਤਰੀ ਦਾ ਤਿਓਹਾਰ ਪੂਰੇ ਵਿਸ਼ਵ ’ਚ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿਥੇ ਸ਼ਿਵ ਦੇ ਸਭ ਤੋਂ ਵਧ ਗਿਣਤੀ ’ਚ ਭਗਤ ਹਨ। ਇਸ ਦਿਨ ਮੰਦਰਾਂ ’ਚ ਬਹੁਤ ਵੱਡੀ ਗਿਣਤੀ ’ਚ ਭਗਤ ਪੂਜਾ ਲਈ ਆਉਂਦੇ ਹਨ। ਇਸ ਸਾਲ ਸ਼ਿਵਰਾਤਰੀ ਦਾ ਤਿਓਹਾਰ 21 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਇਥੇ ਸ਼ਿਵ ਭਗਤਾਂ ਨੂੰ ਅਸੀਂ ਇਕ ਅਜਿਹੇ ਮੰਦਰ ਬਾਰੇ ਦੱਸ ਰਹੇ ਹਾਂ ਜਿਥੇ ਸ਼ਿਵ ਦੇ ਅੰਗੂਠੇ ਦੀ ਪੂਜਾ ਕੀਤੀ ਜਾਂਦੀ ਹੈ।
ਇਹ ਮੰਦਰ ਅਚਲਗੜ੍ਹ ਦੀਆਂ ਪਹਾੜੀਆਂ ’ਤੇ ਸਥਿਤ ਹੈ ਜੋ ਕਿ ਮਾਊਂਟ ਆਬੂ ਤੋਂ ਲਗਭਗ 11 ਕਿਲੋਮੀਟਰ ਦੂਰ ਉਤਰ ਵਲ ਸਥਿਤ ਹੈ। ਇਥੇ ਸ਼ਿਵ ਦੇ ਸੱਜੇ ਪੈਰ ਦੇ ਅੰਗੂਠੇ ਦੀ ਪੂਜਾ ਕੀਤੀ ਜਾਂਦੀ ਹੈ। ਉਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਇਥੋਂ ਦੇ ਪਹਾੜ ਭਗਵਾਨ ਸ਼ਿਵ ਦੇ ਅੰਗੂਠੇ ਕਰਕੇ ਹੀ ਟਿਕੇ ਹੋਏ ਹਨ। ਇਹ ਮੰਦਰ ਚਮਤਕਾਰਾਂ ਨਾਲ ਭਰਿਆ ਹੋਇਆ ਹੈ। ਉਹ ਤਾਂ ਇਥੋਂ ਤਕ ਮੰਨਦੇ ਹਨ ਕਿ ਜੇਕਰ ਉਹਨਾਂ ਦਾ ਅੰਗੂਠਾ ਨਾ ਹੁੰਦਾ ਤਾਂ ਇਹ ਪਹਾੜ ਕਦੋਂ ਦੇ ਨਸ਼ਟ ਹੋ ਗਏ ਹੁੰਦੇ। ਸ਼ਿਵ ਦਾ ਇਹ ਮੰਦਰ ਬਹੁਤ ਪੁਰਾਣਾ ਬਣਿਆ ਹੋਇਆ ਹੈ ਤੇ ਇਸ ਦਾ ਅੰਦਾਜਾ ਉਥੇ ਸਥਿਤ ਚੰਪਾ ਦੇ ਦਰੱਖਤ ਤੋਂ ਲਗਾਇਆ ਜਾ ਸਕਦਾ ਹੈ, ਜੋ ਬਹੁਤ ਹੀ ਪ੍ਰਾਚੀਨ ਹੈ।
ਇਸ ਮੰਦਰ ’ਚ ਸ਼ਿਲਪਕਲਾ ਵੀ ਬਹੁਤ ਖੂਬਸੂਰਤ ਹੈ। ਮੰਦਰ ਅੰਦਰ ਕ੍ਰਿਸ਼ਨ, ਰਾਮ, ਪਰਸ਼ੂਰਾਮ, ਬੁੱਧ, ਨਰਸਿੰਘ ਤੇ ਕਲੰਗੀ ਅਵਤਾਰਾਂ ਦੀਆਂ ਮੂਰਤੀਆਂ ਸਥਾਪਤ ਹਨ। ਇਹ ਸਾਰੀਆਂ ਮੂਰਤੀਆਂ ਸ਼ਿਲਪ ਕਲਾ ਦੀ ਖੂਬਸੂਰਤੀ ਨੂੰ ਪ੍ਰਗਟਾਉਂਦੀਆਂ ਹਨ। ਇਥੇ ਇਹ ਕਥਾ ਵੀ ਪ੍ਰਚਲਿਤ ਹੈ ਕਿ ਇਕ ਵਾਰ ਅਰਬੁਦ ਪਹਾੜ ’ਤੇ ਸਥਿਤ ਨੰਦੀਵਰਧਨ ਹਿਲਣ ਲੱਗ ਗਿਆ ਸੀ ਜਿਸ ਕਰਕੇ ਭਗਵਾਨ ਸ਼ਿਵ ਦੀ ਤਪੱਸਿਆ ਭੰਗ ਹੋ ਗਈ ਸੀ। ਇਹ ਪਹਾੜ ’ਤੇ ਭਗਵਾਨ ਸ਼ਿਵ ਦੇ ਨੰਦੀ ਵੀ ਸਨ। ਭਗਵਾਨ ਸ਼ਿਵ ਨੇ ਨੰਦੀ ਨੂੰ ਬਚਾਉਣ ਲਈ ਆਪਣੇ ਅੰਗੂਠੇ ਨੂੰ ਅਰਬੁਦ ਪਹਾੜ ਤਕ ਪਹੁੰਚਾ ਦਿੱਤਾ ਤੇ ਪਹਾੜ ਹਿਲਣਾ ਬੰਦ ਹੋ ਗਿਆ। ਇਸੇ ਕਰਕੇ ਭਗਵਾਨ ਸ਼ਿਵ ਦੇ ਅੰਗੂਠੇ ਦੀ ਪੂਜਾ ਹੋਣ ਲੱਗੀ, ਜੋ ਪ੍ਰੰਪਰਾ ਅਜੇ ਵੀ ਜਾਰੀ ਹੈ।