ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਵੇਲੇ ਬਾਗੀ ਲੀਡਰਾਂ ਨੇ ਪਰਾਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਹਟਾਉਣ ਦਾ ਦਾਅਵਾ ਵੀ ਕੀਤਾ। ਉਂਝ ਟਕਸਾਲੀਆਂ ਦਾ ਇਹ ਦਾਅ ਚੱਲ਼ਦਾ ਦਿਖਾਈ ਨਹੀਂ ਦਿੱਤਾ ਕਿਉਂਕਿ ਢੀਂਡਸਾ ਦੇ ਬੇਟੇ ਪਰਮਿੰਦਰ ਢੀਂਡਸਾ ਨੇ ਖੁਦ ਹੀ ਮੰਨ ਲਿਆ ਕਿ ਜੇਕਰ ਕੋਈ ਕਾਨੂੰਨੀ ਅੜਿੱਕਾ ਆਇਆ ਤਾਂ ਉਹ ਆਪਣੇ ਸ਼੍ਰੋਮਣੀ ਅਕਾਲੀ ਦਲ ਨਾਲ ਡੈਮੋਕ੍ਰੇਟਿਕ ਸ਼ਬਦ ਜੋੜ ਲੈਣਗੇ।ਉਧਰ, ਬਾਦਲ ਧੜੇ ਨੇ ਕਿਹਾ ਹੈ ਕਿ ਇਹ ਗੈਰ-ਕਾਨੂੰਨੀ ਤੇ ਜਾਅਲਸਾਜੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਅਕਾਲੀ ਦਲ ਕੁਰਬਾਨੀਆਂ ਨਾਲ ਹੋਂਦ ਵਿੱਚ ਆਇਆ ਹੈ। ਢੀਂਡਸਾ ਨੇ ਅੱਜ ਡਰਾਮਾ ਕੀਤਾ ਹੈ। ਉਨ੍ਹਾਂ ਨੂੰ ਅਜਿਹਾ ਕਰਨਾ ਸੋਭਦਾ ਨਹੀਂ।
ਦਰਅਸਲ ਮੰਨਿਆ ਜਾ ਰਿਹਾ ਸੀ ਕਿ ਅੱਜ ਢੀਂਡਸਾ ਦੀ ਅਗਵਾਈ ਹੇਠ ਟਕਸਾਲੀ ਲੀਡਰ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ ਪਰ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਉੱਪਰ ਹੀ ਆਪਣਾ ਹੱਕ ਜਤਾਉਂਦਿਆਂ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਪ੍ਰਧਾਨ ਚੁਣ ਲਿਆ। ਇਸ ਮੌਕੇ ਟਕਸਾਲੀ ਲੀਡਰਾਂ ਨੇ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਹਟਾਉਣ ਦਾ ਐਲਾਨ ਕੀਤਾ। ਇਸ ਕਰਕੇ ਕਾਫੀ ਭੰਬਲਭੁਸੇ ਵਾਲੀ ਹਾਲਤ ਬਣ ਗਈ।
ਉਂਝ ਟਕਸਾਲੀ ਵੀ ਪੂਰੀ ਤਰ੍ਹਾਂ ਕਲੀਅਰ ਨਹੀਂ ਸੀ। ਇੱਕ ਪਾਸੇ ਉਨ੍ਹਾਂ ਇਸ ਨੂੰ ਹੀ ਅਸਲ ਅਕਾਲੀ ਦਲ ਕਿਹਾ ਪਰ ਨਾਲ ਹੀ ਸੰਕੇਤ ਦਿੱਤੇ ਕਿ ਜੇ ਕਾਨੂੰਨੀ ਅੜਿੱਕਾ ਆਇਆ ਤਾਂ ਇਸ ਨਾਲ ਡੈਮੋਕ੍ਰੇਟਿਕ ਸ਼ਬਦ ਲਾ ਲਿਆ ਜਾਵੇਗਾ।
ਟਕਸਾਲੀ ਲੀਡਰਾਂ ਨੇ ਕਿਹਾ ਕਿ ਜਲਦੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹ ਅਕਾਲੀਆਂ ਦਾ ਇਕੱਠ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਨਵੇਂ ਏਜੰਡੇ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਇਹ ਅਸਲ ਸ਼੍ਰੋਮਣੀ ਅਕਾਲੀ ਦਲ ਹੈ। ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਵਜੋਂ ਹਟਾ ਦਿੱਤਾ ਗਿਆ ਹੈ।