: ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਭਰਤੀ ਕਰਾਉਣ ਲਈ ਵੀ ਰਿਸ਼ਵਤ ਚੱਲਦੀ ਹੈ। ਇਹ ਖੁਲਾਸਾ ਲੋਕਾਂ ਦੀਆਂ ਧੜਾਧੜ ਆਈਆਂ ਸ਼ਿਕਾਇਤਾਂ ਮਗਰੋਂ ਹੋਆ ਹੈ। ਸ਼੍ਰੋਮਣੀ ਕਮੇਟੀ ਕੋਲ ਭੇਜੀਆਂ ਗਈਆਂ ਇਨ੍ਹਾਂ ਸ਼ਿਕਾਇਤਾਂ ਵਿੱਚ ਸ਼ਰੇਆਮ ਭਰਤੀ ਦੇ ਨਾਂ ਨਾਂ ’ਤੇ ਲੋਕਾਂ ਕੋਲੋਂ ਪੈਸੇ ਲੈਣ ਦੇ ਇਲਜ਼ਾਮ ਲਾਏ ਗਏ ਹਨ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਵਧੀਕ ਸਕੱਤਰ ਬਿਜੈ ਸਿੰਘ ਤੇ ਕਰਮਚਾਰੀ ਗੁਰਤੇਜ ਸਿੰਘ ਸੇਵਾਦਾਰ ਨੂੰ ਮੁਅੱਤਲ ਕਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਆਦੇਸ਼ ਨੰਬਰ 507, ਮਿਤੀ 4 ਮਈ ਤਹਿਤ ਦੋਵਾਂ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ। ਮੁਅੱਤਲੀ ਦੌਰਾਨ ਇਨ੍ਹਾਂ ਦੇ ਹੈੱਡਕੁਆਰਟਰ ਵੀ ਬਦਲ ਦਿੱਤੇ ਗਏ ਹਨ। ਬਿਜੈ ਸਿੰਘ ਨੂੰ ਮੁਅੱਤਲੀ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਤੇ ਗੁਰਤੇਜ ਸਿੰਘ ਸੇਵਾਦਾਰ ਨੂੰ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਵਿੱਚ ਤਾਇਨਾਤ ਕੀਤਾ ਗਿਆ ਹੈ।
ਬਿਜੈ ਸਿੰਘ ਇਸ ਵੇਲੇ ਧਰਮ ਪ੍ਰਚਾਰ ਕਮੇਟੀ ਵਿੱਚ ਵਧੀਕ ਸਕੱਤਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਬੇਲੋੜੇ ਸ਼ਿਕਾਰ ਬਣ ਗਏ ਹਨ। ਰੋਸ ਵਿਖਾਵਾ ਕਰਨ ਵਾਲਿਆਂ ਨੇ ਇਲਜ਼ਾਮ ਲਾਇਆ ਸੀ ਕਿ 40 ਵਿਅਕਤੀਆਂ ਦੀ ਭਰਤੀ ਲਈ 40 ਲੱਖ ਰੁਪਏ ਦੀ ਰਕਮ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਾ ਤਾਂ ਨਿਯੁਕਤੀ ਪੱਤਰ ਮਿਲਿਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ।