PreetNama
ਸਿਹਤ/Health

ਸ਼ਖ਼ਸੀਅਤ ਨੂੰ ਨਿਖਾਰਦੇ ਹਨ ਦਸਤਾਰ, ਗੁਫ਼ਤਾਰ ਤੇ ਰਫ਼ਤਾਰ

ਅਜੋਕੇ ਸਮੇਂ ਹਰ ਨੌਜਵਾਨ ਦੀ ਇਹ ਇੱਛਾ ਹੈ ਕਿ ਉਸ ਦੀ ਸ਼ਖ਼ਸੀਅਤ ਪ੍ਰਭਾਵਸ਼ਾਲੀ ਬਣੇ। ਇਹ ਇੱਛਾ ਹੋਣੀ ਵੀ ਚਾਹੀਦੀ ਹੈ। ਇਸ ਇੱਛਾ ਦੀ ਪੂਰਤੀ ਵਾਸਤੇ ਸਾਨੂੰ ਕੀ ਕੁਝ ਕਰਨਾ ਲੋੜੀਂਦਾ ਹੈ, ਉਨ੍ਹਾਂ ਤੱਥਾਂ ਨੂੰ ਵਿਚਾਰਨਾ ਤੇ ਅਪਣਾਉਣਾ ਬਹੁਤ ਜ਼ਰੂਰੀ ਹੈ। ਇਕ ਪ੍ਰਭਾਵਸ਼ਾਲੀ ਸ਼ਖ਼ਸੀਅਤ ’ਚ ਅਨੇਕਾਂ ਗੁਣ ਹੁੰਦੇ ਹਨ। ਇਹ ਗੁਣਾਂ ਦੇ ਗਹਿਣੇ ਹੀ ਸਾਡੀ ਸ਼ਖ਼ਸੀਅਤ ਦੀ ਉਸਾਰੀ ਕਰਦੇ ਹਨ। ਗੁਣਾਂ ਦੇ ਗਹਿਣੇ ਹਾਸਿਲ ਕਰਨ ਲਈ ਹੀ ਅਸੀਂ ਸਕੂਲਾਂ-ਕਾਲਜਾਂ ਅਤੇ ਕੋਚਿੰਗ ਸੈਂਟਰਾਂ ਵਿਚ ਦਿਨ-ਰਾਤ ਮਿਹਨਤ ਕਰਦੇ ਹਾਂ। ਮਿਹਨਤ ਨਾਲ ਹੀ ਮੰਜ਼ਿਲਾਂ ਨਸੀਬ ਹੁੰਦੀਆਂ ਹਨ।
ਉੱਠਣ-ਬੈਠਣ ਦਾ ਸਲੀਕਾ
ਰਫ਼ਤਾਰ, ਗੁਫ਼ਤਾਰ ਤੇ ਦਸਤਾਰ ਤਿੰਨੋਂ ਉਰਦੂ ਦੇ ਸ਼ਬਦ ਹਨ, ਜਿਨ੍ਹਾਂ ਦਾ ਆਮ ਭਾਸ਼ਾ ਵਿਚ ਅਰਥ ਚਾਲ-ਢਾਲ, ਗੱਲਬਾਤ ਤੇ ਵਸਤਰਾਂ ਤੋਂ ਲੈਂਦੇ ਹਾਂ। ਆਓ ਸਭ ਤੋਂ ਪਹਿਲਾਂ ਆਪਣੀ ਰਫ਼ਤਾਰ ਦੀ ਗੱਲ ਕਰੀਏ। ਰਫ਼ਤਾਰ ਤੋਂ ਭਾਵ ਸਿਰਫ਼ ਰਹਿਣੀ-ਬਹਿਣੀ ਜਾਂ ਚਾਲ-ਢਾਲ ਤੋਂ ਹੀ ਨਹੀਂ ਹੈ।
ਹਰ ਆਦਮੀ ਦੀ ਆਪਣੀ ਹੀ ਤੋਰ ਤੇ ਅਦਾ ਹੁੰਦੀ ਹੈ, ਜਿਸ ਨਾਲ ਉਹ ਆਪਣੀ ਨਿਵੇਕਲੀ ਹੋਂਦ ਦਾ ਬਾਕੀਆਂ ਨੂੰ ਅਹਿਸਾਸ ਕਰਵਾਉਂਦਾ ਹੈ। ਬਾਲ ਜੀਵਨ ’ਚ ਸਾਡੀ ਸਭ ਤੋਂ ਵੱਡੀ ਗੁਰੂ ਮਾਂ ਹੁੰਦੀ ਹੈ, ਜੋ ਅਜਿਹੇ ਗੁਣ ਸਾਡੇ ਅੰਦਰ ਭਰਦੀ ਹੈ। ਉਹ ਸਾਨੂੰ ਰੁੜਨਾ, ਬੈਠਣਾ, ੳੱੁਠਣਾ, ਬੋਲਣਾ, ਚੱਲਣਾ ਆਦਿ ਗੁਣਾਂ ਨਾਲ ਭਰਪੂਰ ਬਣਾਉਂਦੀ ਹੈ। ਫਿਰ ਇਹ ਗੁਣ ਸਕੂਲਾਂ-ਕਾਲਜਾਂ ਵਿਚ ਜਾ ਕੇ ਪ੍ਰਫੁੱਲਤ ਹੁੰਦੇ ਹਨ। ਜਮਾਤ ਵਿਚ ਕਿਵੇਂ ਬੈਠਣਾ ਤੇ ਕਿਵੇਂ ਖੜ੍ਹਨਾ ਹੈ? ਇਹ ਗੱਲਾਂ ਹਰ ਵਿਦਿਆਰਥੀ ਦੇ ਵੱਸ ਵਿਚ ਨਹੀਂ ਹੁੰਦੀਆਂ ਪਰ ਉਹ ਆਲਾ-ਦੁਆਲਾ ਦੇਖ ਅਤੇ ਅਧਿਆਪਕਾਂ ਦੀਆਂ ਹਦਾਇਤਾਂ ਅਨੁਸਾਰ ਅੰਦਰ-ਬਾਹਰ ਆਉਣਾ-ਜਾਣਾ ਅਤੇ ਉੱਠਣਾ-ਬੈਠਣਾ ਵੀ ਸਿੱਖ ਜਾਂਦਾ ਹੈ। ਇਸ ਲਈ ਇਹ ਸਲੀਕਾ ਸਾਨੂੰ ਜੀਵਨ ਵਿਚ ਸਫਲਤਾ ਦੇ ਮਾਰਗ ’ਤੇ ਤੋਰਦਾ ਹੈ। ਬੈਠਣ ਉਠਣ ਦਾ ਸਲੀਕਾ ਸਾਨੂੰ ਸਥਾਨ ਸਿਖਾਉਂਦਾ ਹੈ।

ਗੁਫ਼ਤਗੂ ਨਾਲ ਹੱਲ ਹੁੰਦੇ ਹਨ ਮਸਲੇ
ਗੁਫ਼ਤਾਰ ਦਾ ਸਿੱਧਾ ਸਬੰਧ ਗੱਲਬਾਤ ਨਾਲ ਹੈ। ਆਪਸੀ ਸੰਵਾਦ ਭਾਵ ਵਾਰਤਾਲਾਪ ਨਾਲ ਅਸੀਂ ਦੁੱਖ-ਸੁੱਖ ਕਰ ਕੇ ਕਈ ਮਸਲਿਆਂ ਦਾ ਹੱਲ ਕਰ ਸਕਦੇ ਹਾਂ। ਜਿਵੇਂ ਅੱਜ-ਕੱਲ੍ਹ ਵਿਦਿਆਰਥੀਆਂ ਨੂੰ ਗਰੁੱਪ ਡਿਸਕਸ਼ਨ ਕਰਨ ਦੀ ਕਲਾ ਸਿਖਾਈ ਜਾਂਦੀ ਹੈ। ਇਹ ਵਿਚਾਰ ਗੁਰੂ ਨਾਨਕ ਦੇਵ ਜੀ ਨੇ ਪੰਜ-ਛੇ ਸੌ ਸਾਲ ਪਹਿਲਾਂ ਸਾਨੂੰ ਸਿੱਧ ਗੋਸ਼ਟ ਰਾਹੀਂ ਸਮਝਾਇਆ ਸੀ ਪਰ ਅਸੀਂ ਇਸ ’ਤੇ ਅਮਲ ਨਾ ਕਰ ਕੇ ਕਈ ਅਲਾਮਤਾਂ ਦੇ ਸ਼ਿਕਾਰ ਹੋ ਗਏ। ਇਸ ਲਈ ਅਜੋਕੇ ਸਮੇਂ ਦਾ ਸਭ ਤੋਂ ਵੱਡਾ ਸੰਕਟ ਹੀ ਸੰਵਾਦ ਦੀ ਕਮੀ ਹੈ। ਸਾਰੇ ਪਰਿਵਾਰਕ ਮੈਂਬਰ ਆਪਸੀ ਵਿਚਾਰ-ਵਟਾਂਦਰਾ ਤਿਆਗ ਕੇ ਆਪੋ-ਆਪਣੇ ਫੋਨ ’ਤੇ ਚੈਟ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸੇ ਕਰਕੇ ਸਮਾਜਿਕ ਤਾਣਾ-ਬਾਣਾ ਉਲਝੀ ਜਾ ਰਿਹਾ ਹੈ। ਜਦੋਂ ਪਿੰਡਾਂ ਦੇ ਬੋਹੜਾਂ ਹੇਠ ਸੱਥਾਂ ਜੁੜਦੀਆਂ ਸਨ, ਉਦੋਂ ਮਸਲੇ ਥਾਣੇ-ਕਚਹਿਰੀਆਂ ’ਚ ਬਹੁਤ ਘੱਟ ਜਾਂਦੇ ਸਨ। ਇਸ ਕਰਕੇ ਅੱਜ ਸਾਨੂੰ ਆਪਣੀ ਬੋਲ-ਬਾਣੀ ਨੂੰ ਬਹੁਤ ਸੁਧਾਰਨ ਦੀ ਲੋੜ ਹੈ।ਬੋਲਣ ਵੇਲੇ ਰੱਖੋ ਖ਼ਾਸ ਖ਼ਿਆਲ
ਕਹਿੰਦੇ ਹਨ ਕਿ ਜ਼ੁਬਾਨ ’ਚ ਕੋਈ ਹੱਡੀ ਨਹੀਂ ਹੁੰਦੀ ਪਰ ਇਹ ਕਈਆਂ ਦੀਆਂ ਹੱਡੀਆਂ ਤੁੜਵਾ ਦਿੰਦੀ ਹੈ। ਇਸ ਲਈ ਜ਼ੁਬਾਨ ਦਾ ਰਸੀਲੀ ਹੋਣਾ ਅਤੇ ਆਪਸ ਵਿਚ ਵਿਚਾਰਾਂ ਦਾ ਆਦਾਨ-ਪ੍ਰਦਾਨ ਸਾਡੀ ਸ਼ਖ਼ਸੀਅਤ ਉਸਾਰੀ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਬੋਲੀ ਬੋਲਣ ਵੇਲੇ ਸਮਾਂ, ਸਥਾਨ ਅਤੇ ਮੌਕੇ ਦਾ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਮੌਕੇ ਅਨੁਸਾਰ ਕੀਤੀ ਵਾਰਤਾਲਾਪ ਸਾਨੂੰ ਸਫਲਤਾ ਦੀਆਂ ਪੌੜੀਆਂ ਚੜ੍ਹਾ ਸਕਦੀ ਹੈ। ਬੇਮੌਕਾ ਗੱਲਬਾਤ ਕਈ ਰੁਕਾਵਟਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਡੀ ਬੋਲ-ਬਾਣੀ ਦਾ ਸਲੀਕਾ ਸਮੇਂ ਅਤੇ ਸਥਾਨ ਅਨੁਸਾਰ ਉਚਿਤ ਹੋਣਾ ਜ਼ਰੂਰੀ ਹੈ। ਆਪਣੀ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਪੱਧਰ ਤਕ ਲਿਜਾਣ ਲਈ ਰਸੀਲੀ ਬੋਲੀ ਸਮੇਂ ਦੇ ਅਨੁਕੂਲ ਸ਼ਬਦਾਂ ਨਾਲ ਬੋਲੋ। ਤੁਹਾਡੀ ਬੋਲੀ ਵਿੱਚੋਂ ਹਮੇਸ਼ਾ ਫੁੱਲ ਕਿਰਦੇ ਰਹਿਣੇ ਚਾਹੀਦੇ ਹਨ।
ਸ਼ਾਨ ਬਣਦੀ ਹੈ ਦਸਤਾਰ
ਆਮ ਤੌਰ ’ਤੇ ਅਸੀਂ ਦਸਤਾਰ ਦਾ ਅਰਥ ਪੱਗ ਤੋਂ ਲੈਂਦੇ ਹਾਂ ਪਰ ਅਸੀਂ ਇਸ ਨੂੰ ਵਿਸ਼ਾਲ ਅਰਥਾਂ ਵਿਚ ਪੌਸ਼ਾਕ ਮੰਨ ਕੇ ਵਿਚਾਰ ਰਹੇ ਹਾਂ। ਹਰ ਸ਼ਬਦ ਦੇ ਕਈ ਡੂੰਘੇ ਅਰਥ ਹੁੰਦੇ ਹਨ, ਜਿਨ੍ਹਾਂ ਵਿਚ ਉਤਰਨਾ ਲਾਜ਼ਮੀ ਹੁੰਦਾ ਹੈ। ਸਾਡੀ ਪੌਸ਼ਾਕ ਸਾਡੇ ਮਨ, ਤਨ ਦਾ ਪ੍ਰਗਟਾਅ ਕਰਦੀ ਹੈ। ਵੱਖ-ਵੱਖ ਰੰਗਾਂ ਦਾ ਸਾਡੀ ਮਾਨਸਿਕਤਾ ਨਾਲ ਸਬੰਧ ਜੁੜਦਾ ਹੈ। ਨੀਲਾ ਰੰਗ ਠੰਢ ਤੇ ਵਿਸ਼ਾਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਲਾਲ ਰੰਗ ਉਤੇਜਿਤ ਕਰਨ ਵਾਲਾ ਅਤੇ ਕੇਸਰੀ ਕੁਰਬਾਨੀ ਦਾ ਪ੍ਰਤੀਕ ਮੰਨਿਆ ਗਿਆ ਹੈ। ਇਸੇ ਤਰ੍ਹਾਂ ਜਦੋਂ ਅਸੀਂ ਵੱਖ-ਵੱਖ ਰੰਗਾਂ ਦੇ ਕੱਪੜੇ ਪਹਿਨਦੇ ਹਾਂ ਤਾਂ ਉਹ ਸਾਡੀ ਮਾਨਸਿਕਤਾ ਦੀ ਬਿਆਨੀ ਵੀ ਕਰਦੇ ਹਨ। ਕਈ ਵਾਰ ਤੰਗ ਕੱਪੜੇ ਸਾਡੀ ਸ਼ਖ਼ਸੀਅਤ ਨੂੰ ਉਸਾਰਨ ਦੀ ਬਜਾਏ ਡਿਗਾ ਦਿੰਦੇ ਹਨ। ਇਸੇ ਤਰ੍ਹਾਂ ਕੱਪੜੇ ਅਤੇ ਰੰਗ ਸਮੇਂ ਅਤੇ ਸਥਾਨ ਅਨੁਸਾਰ ਪਹਿਨਣ ਦੀ ਜ਼ਰੂਰਤ ਹੈ। ਸਲੀਕੇ ਨਾਲ ਪਹਿਨਿਆ ਕੱਪੜਾ ਤੁਹਾਡੀ ਦਿੱਖ ਨੂੰ ਸ਼ਿੰਗਾਰ ਦਿੰਦਾ ਹੈ।
ਖ਼ਤਰਨਾਕ ਹੈ ਬੇਲੋੜਾ ਫੈਸ਼ਨ
ਬੇਲੋੜਾ ਫੈਸ਼ਨ ਖ਼ਤਰਨਾਕ ਵੀ ਸਿੱਧ ਹੋ ਜਾਂਦਾ ਹੈ। ਕਹਿੰਦੇ ਨੇ ਖਾਈਏ ਮਨਭਾਉਂਦਾ ਤੇ ਪਾਈਏ ਜਗ ਭਾਉਂਦਾ। ਇਹ ਸਿਧਾਂਤ ਆਪਣਾ ਕੇ ਅਸੀਂ ਹਰ ਖੇਤਰ ਵਿਚ ਉੱਚੀਆਂ ਮੰਜ਼ਿਲਾਂ ਵੱਲ ਵੱਧ ਸਕਦੇ ਹਾਂ। ਸਧਾਰਨ ਰਹਿੰਦਿਆਂ ਵੀ ਉੱਚੇ ਵਿਚਾਰਾਂ ਦਾ ਖ਼ਿਆਲ ਸਾਨੂੰ ਕਦੇ ਨਹੀਂ ਛੱਡਣਾ ਚਾਹੀਦਾ। ਅਜੋਕੇ ਮਹਿੰਗਾਈ ਦੇ ਯੁੱਗ ਵਿਚ ਰੀਸ ਤੋਂ ਬਚਣ ਦੀ ਖ਼ਾਸ ਲੋੜ ਹੈ। ਇਸ ਲਈ ਆਪਣੀ ਸ਼ਖਸੀਅਤ ਦੀ ਉਸਾਰੀ ਵਾਸਤੇ ਆਪਣੇ ਅੰਦਰ ਨੈਤਿਕ ਕਦਰਾਂ ਕੀਮਤਾਂ, ਗਿਆਨ ਵਿਗਿਆਨ ਤੇ ਉੱਚੇ ਵਿਚਾਰਾਂ ਦਾ ਭੰਡਾਰ ਭਰੋ। ਇਹ ਭੰਡਾਰ ਤੁਹਾਡੀ ਹਰ ਔਖੀ ਸੌਖੀ ਘੜੀ ਵਿਚ ਮਦਦ ਕਰੇਗਾ। ਆਪਣੀ ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਨੂੰ ਸਮੇਂ, ਸਥਾਨ ਅਤੇ ਮੌਕੇ ਦੇ ਹਾਣੀ ਬਣਾਓ, ਫਿਰ ਤੁਹਾਨੂੰ ਜੀਵਨ ’ਚ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕੇ

Related posts

ਕੋਵਿਡ ਮਹਾਮਾਰੀ ਦੌਰਾਨ ਭਾਰਤੀਆਂ ਨੇ ਸਿਹਤ ਨੂੰ ਦਿੱਤੀ ਪਹਿਲ, 85 ਫ਼ੀਸਦੀ ਭਾਰਤੀਆਂ ਨੇ ਸਿਹਤ ਨਾਲ ਜੁੜੀ ਸਮੱਗਰੀ ’ਤੇ ਜ਼ਿਆਦਾ ਖ਼ਰਚ ਕੀਤੇ

On Punjab

Monkeypox : ਪੁਰਸ਼ਾਂ ਨੂੰ WHO ਨੇ ਦਿੱਤੀ ਇਹ ਖ਼ਾਸ ਸਲਾਹ, ਕਿਹਾ – ਘੱਟ ਕਰ ਦਿਓ…!

On Punjab

Best Liquid Diet : ਗਰਮੀ ’ਚ ਇਮਿਊਨਿਟੀ ਵਧਾਉਣ ਦੇ ਨਾਲ ਹੀ ਬਾਡੀ ਨੂੰ ਕੂਲ ਵੀ ਰੱਖਦੀ ਹੈ ਦਹੀ ਦੀ ਲੱਸੀ, ਜਾਣੋ 7 ਫਾਇਦੇ

On Punjab