ਜੈਪੁਰ: ਸਚਿਨ ਪਾਇਲਟ ਨੂੰ ਰਾਜਸਥਾਨ ਦੇ ਡਿਪਟੀ ਸੀਐਮ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਗੋਵਿੰਦ ਸਿੰਘ ਨੂੰ ਰਾਜਸਥਾਨ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਲਿਆ ਗਿਆ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਵ ਸਿੰਘ ਸੁਰਜੇਵਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਦਰਅਸਲ ਸਚਿਨ ਪਾਇਲਟ ਤੇ ਉਸ ਦੇ ਸਮਰਥਕ ਵਿਧਾਇਕ ਦਲ ਦੀ ਬੈਠਕ ‘ਚ ਨਹੀਂ ਪਹੁੰਚੇ।
ਕਾਂਗਰਸ ਤੇ ਆਜ਼ਾਦ ਉਮੀਦਵਾਰਾਂ ਦੇ ਕੁਲ 102 ਵਿਧਾਇਕ ਮੀਟਿੰਗ ਵਿੱਚ ਪਹੁੰਚੇ ਤੇ ਸਰਬਸੰਮਤੀ ਨਾਲ ਸਚਿਨ ਪਾਇਲਟ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਮੰਗ ਕੀਤੀ। ਮੀਟਿੰਗ ਵਿੱਚ ਇਹ ਵੀ ਪਾਸ ਕੀਤਾ ਗਿਆ ਕਿ ਸਚਿਨ ਪਾਇਲਟ ਤੇ ਮੀਟਿੰਗ ਤੋਂ ਗਾਇਬ ਹੋਏ ਵਿਧਾਇਕਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ।
ਵਿਸ਼ਵੇਂਦਰ ਸਿੰਘ ਤੇ ਰਮੇਸ਼ ਮੀਨਾ ਵੀ ਮੰਤਰੀ ਅਹੁਦੇ ਤੋਂ ਬਰਖਾਸਤ:
ਕਾਂਗਰਸ ਵਿਧਾਇਕ ਦਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਰਣਦੀਪ ਸੁਰਜੇਵਾਲਾ ਨੇ ਕਿਹਾ, ਸਚਿਨ ਪਾਇਲਟ ਤੇ ਉਸ ਦੇ ਸਾਥੀ ਭਾਜਪਾ ਦੀ ਸਾਜਿਸ਼ ਵਿੱਚ ਫਸ ਗਏ। ਮੈਨੂੰ ਅਫ਼ਸੋਸ ਹੈ ਕਿ ਇਹ ਲੋਕ 8 ਕਰੋੜ ਰਾਜਸਥਾਨੀਆਂ ਦੁਆਰਾ ਚੁਣੀ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਢਾਹੁਣ ਦੀ ਸਾਜਿਸ਼ ਰਚ ਰਹੇ ਹਨ।
ਇਹ ਅਸਵੀਕਾਰਨਯੋਗ ਹੈ। ਇਸ ਲਈ, ਦੁਖੀ ਦਿਲ ਨਾਲ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਗੋਵਿੰਦ ਸਿੰਘ ਨੂੰ ਰਾਜਸਥਾਨ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਵੇ। ਸਚਿਨ ਪਾਇਲਟ ਆਪਣੇ ਅਹੁਦੇ ਤੋਂ ਮੁਕਤ ਹੋ ਗਏ ਹਨ। ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਨਾ ਨੂੰ ਵੀ ਮੰਤਰੀਆਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ।
ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਸਚਿਨ ਪਾਇਲਟ ਭਾਜਪਾ ਵਿੱਚ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਭਾਜਪਾ ‘ਚ ਸ਼ਾਮਲ ਹੋਣਾ ਹੁੰਦਾ ਤਾਂ ਉਹ ਪਹਿਲਾਂ ਹੀ ਚਲੇ ਗਏ ਹੁੰਦੇ। ਇਹ ਮੰਨਿਆ ਜਾਂਦਾ ਹੈ ਕਿ ਸਚਿਨ ਪਾਇਲਟ ਆਪਣੇ ਸਮਰਥਕਾਂ ਨਾਲ ਆਪਣੀ ਨਵੀਂ ਰਾਜਨੀਤਿਕ ਪਾਰਟੀ ਬਣਾ ਸਕਦੇ ਹਨ।