paraguay court releases ronaldinho: ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਰੋਨਾਲਡੀਨਹੋ ਅਤੇ ਉਸ ਦੇ ਭਰਾ ਨੂੰ ਘਰੇਲੂ ਨਜ਼ਰਬੰਦੀ ਦੇ ਆਦੇਸ਼ ਦਿੱਤੇ ਗਏ ਹਨ। ਪੈਰਾਗੁਏ ਦੇ ਜੱਜ ਗੁਸਤਾਵੋ ਅਮਰੀਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੋਨਾਲਡੀਨਹੋ ਅਤੇ ਉਸ ਦੇ ਭਰਾ ਨੂੰ ਅਸੂਨਸੀਅਨ ਦੇ ਇੱਕ ਹੋਟਲ ਵਿੱਚ ਨਜ਼ਰਬੰਦ ਰੱਖਿਆ ਜਾਵੇਗਾ। 6 ਮਾਰਚ ਨੂੰ, ਪੈਰਾਗੁਏ ਪੁਲਿਸ ਨੇ ਰੋਨਾਲਡੀਨਹੋ ਅਤੇ ਉਸ ਦੇ 49 ਸਾਲਾ ਭਰਾ ਰੌਬਰਟੋ ਐੱਸਿਸ ਨੂੰ ਜਾਅਲੀ ਪਾਸਪੋਰਟ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਵਕੀਲ ਤੋਂ ਇਲਾਵਾ ਕਿਸੇ ਵੀ ਹੋਰ ਵਿਅਕਤੀ ਦੇ ਮਿਲਣ ‘ਤੇ ਰੋਕ ਲਗਾ ਦਿੱਤੀ ਸੀ।
ਪੈਰਾਗੁਏ ਦੀ ਅਪੀਲ ਕੋਰਟ ਨੇ ਪਿੱਛਲੇ ਮਹੀਨੇ ਦੋਵਾਂ ਨੂੰ ਰਿਹਾ ਕਰਨ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ ਸੀ। ਇਸ ਕਾਰਨ, ਉਨ੍ਹਾਂ ਨੂੰ ਆਪਣਾ 40 ਵਾਂ ਜਨਮ ਦਿਨ (21 ਮਾਰਚ) ਵੀ ਸਲਾਖਾਂ ਪਿੱਛੇ ਹੀ ਮਨਾਉਣਾ ਪਿਆ ਸੀ। ਪੈਰਾਗੁਏ ਦੀ ਰਾਜਧਾਨੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਤਾਲਾਬੰਦ ਹੈ। ਜੱਜ ਨੇ ਆਪਣਾ ਫ਼ੈਸਲਾ ਸੈਲਫੋਨ ਕਾਲ ਰਾਹੀਂ ਸੁਣਾਇਆ ਹੈ। ਸਟਾਰ ਫੁੱਟਬਾਲਰ ਰੋਨਾਲਡੀਨਹੋ ਇਸ ਮਹੀਨੇ ਆਪਣੇ ਭਰਾ ਐੱਸਿਸ ਨਾਲ ਇੱਕ ਪ੍ਰੋਗਰਾਮ ਲਈ ਪੈਰਾਗੁਏ ਦੀ ਰਾਜਧਾਨੀ ਅਸੂਨਸੀਅਨ ਪਹੁੰਚੇ ਸਨ। ਪੁਲਿਸ ਨੇ ਉਨ੍ਹਾਂ ਨੂੰ ਉਸ ਹੋਟਲ ਤੋਂ ਗ੍ਰਿਫਤਾਰ ਕੀਤਾ, ਜਿਥੇ ਉਹ ਰੁੱਕੇ ਸੀ। ਦਰਅਸਲ, ਉਹ ਇੱਥੇ ਬੱਚਿਆਂ ਦੀ ਦਾਨ ਮੁਹਿੰਮ ਵਿੱਚ ਭਾਗ ਲੈਣ ਲਈ ਆਏ ਸੀ। ਇਸ ਸਮੇਂ ਦੌਰਾਨ ਰੋਨਾਲਡੀਨਹੋ ਨੇ ਆਪਣੇ ਕੈਰੀਅਰ ‘ਤੇ ਅਧਾਰਿਤ ਕਿਤਾਬ ਦਾ ਵੀ ਪ੍ਰਚਾਰ ਕਰਨਾ ਸੀ।
ਰੋਨਾਲਡੀਨਹੋ ਮਹਾਨ ਫੁੱਟਬਾਲਰਾਂ ਵਿੱਚ ਸ਼ਾਮਿਲ ਹੈ। ਉਹ ਬ੍ਰਾਜ਼ੀਲ ਦੀ 2002 ਵਿਸ਼ਵ ਕੱਪ ਦੀ ਜਿੱਤ ਦਾ ਇੱਕ ਮਹੱਤਵਪੂਰਣ ਸਿਤਾਰਾ ਸੀ। ਰੋਨਾਲਡੀਨਹੋ ਆਪਣੇ ਫੁੱਟਬਾਲ ਕੈਰੀਅਰ ਵਿੱਚ ਪੈਰਿਸ ਸੇਂਟ-ਗਰਮਾਈਨ (ਪੀਐਸਜੀ), ਬਾਰਸੀਲੋਨਾ ਅਤੇ ਮਿਲਾਨ ਵਰਗੇ ਕਲੱਬਾਂ ਲਈ ਖੇਡ ਚੁੱਕਾ ਹੈ।